Home Desh Canada Study Visa: ਕਾਲਜ ਫੀਸ ਤੋਂ ਇਲਾਵਾ ਦਿਖਾਉਣਾ ਹੋਵੇਗਾ 17 ਲੱਖ ਦਾ...

Canada Study Visa: ਕਾਲਜ ਫੀਸ ਤੋਂ ਇਲਾਵਾ ਦਿਖਾਉਣਾ ਹੋਵੇਗਾ 17 ਲੱਖ ਦਾ ਬੈਂਕ ਬੈਲੈਂਸ, 1 ਸਤੰਬਰ ਤੋਂ ਨਵਾਂ ਨਿਯਮ ਲਾਗੂ

10
0

ਪੰਜਾਬ ਤੋਂ ਸਟੱਡੀ ਵੀਜ਼ਾ ‘ਤੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਡਿਪਾਰਟਮੈਂਟ (IRCC) ਨੇ ਨਵੇਂ ਨਿਯਮ ਲਾਗੂ ਕੀਤੇ ਹਨ।

ਪੰਜਾਬ ਤੋਂ ਸਟੱਡੀ ਵੀਜ਼ਾ ‘ਤੇ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਡਿਪਾਰਟਮੈਂਟ (IRCC) ਨੇ ਨਵੇਂ ਨਿਯਮ ਲਾਗੂ ਕੀਤੇ ਹਨ। ਅਧਿਕਾਰਤ ਵੈੱਬਸਾਈਟ ‘ਤੇ ਇਸ ਨੂੰ ਇੱਕ ਦਿਨ ਪਹਿਲਾਂ ਅਪਡੇਟ ਕੀਤਾ ਗਿਆ ਹੈ। ਹੁਣ ਪੜ੍ਹਾਈ ਲਈ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਰਹਿਣ-ਖਾਣੇ ਸਮੇਤ ਹੋਰ ਖਰਚਿਆਂ ਦੀ ਪੂਰਤੀ ਲਈ ਬੈਂਕ ਬੈਲੈਂਸ ਵਜੋਂ 17 ਲੱਖ ਰੁਪਏ ਦਿਖਾਉਣੇ ਹੋਣਗੇ।
ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਪਹਿਲਾਂ ਕੈਨੇਡਾ ਵਿੱਚ ਸਟੱਡੀ ਲਈ ਜਾਣ ਵਾਲੇ ਵਿਦਿਆਰਥੀਆਂ ਲਈ ਸਾਲਾਨਾ ਲਗਭਗ 15 ਲੱਖ ਰੁਪਏ ਦਾ ਬੈਂਕ ਬੈਲੈਂਸ ਦਿਖਾਉਣਾ ਜ਼ਰੂਰੀ ਸੀ।
IRCC ਦੇ ਅਨੁਸਾਰ, 31 ਅਗਸਤ ਤੱਕ ਅਪਲਾਈ ਕਰ ਚੁੱਕੇ ਵਿਦਿਆਰਥੀਆਂ ਤੇ ਨਵੇਂ ਨਿਯਮ ਲਾਗੂ ਨਹੀਂ ਹੋਣਗੇ। 1 ਸਤੰਬਰ 2026 ਤੋਂ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਲਈ ਨਵੇਂ ਨਿਯਮ ਲਾਗੂ ਹੋਣਗੇ। ਹੁਣ ਕੈਨੇਡੀਅਨ ਯੂਨੀਵਰਸਿਟੀ ਜਾਂ ਕਾਲਜ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਆਪਣੀ ਵਿੱਤੀ ਸਮਰੱਥਾ ਸਾਬਤ ਕਰਨ ਲਈ ਉਨ੍ਹਾਂ ਨੂੰ ਪਹਿਲਾਂ ਨਾਲੋਂ ਲਗਭਗ 2 ਲੱਖ ਰੁਪਏ ਵੱਧ ਬੈਂਕ ਬੈਲੈਂਸ ਦਿਖਾਉਣਾ ਹੋਵੇਗਾ।

ਕਾਲਜ ਫੀਸ ਅਤੇ ਟ੍ਰੈਵਲ ਖਰਚ ਤੋਂ ਇਲਾਵਾ ਦਿਖਾਉਣਾ ਹੋਵੇਗਾ ਬੈਂਕ ਬੈਲੈਂਸ

ਕੈਨੇਡਾ ਸਰਕਾਰ ਦੀ ਅਧਿਕਾਰਤ ਵੈੱਬਸਾਈਟ (canada.ca) ਤੇ ਜਾਰੀ ਤਾਜ਼ਾ ਨੋਟੀਫਿਕੇਸ਼ਨ ਦੇ ਅਨੁਸਾਰ, ਹੁਣ ਸਿੰਗਲ ਐਪਲੀਕੈਂਟ (ਇਕੱਲੇ ਜਾਣ ਵਾਲੇ ਵਿਦਿਆਰਥੀ) ਨੂੰ ਲਿਵਿੰਗ ਐਕਸਪੈਂਸ ਯਾਨੀ ਰਹਿਣ-ਖਾਣ ਦੇ ਖਰਚੇ ਵਜੋਂ ਘੱਟੋ-ਘੱਟ 23,448 ਕੈਨੇਡੀਅਨ ਡਾਲਰ (CAD) ਦਾ ਫੰਡ ਦਿਖਾਉਣਾ ਲਾਜ਼ਮੀ ਹੋਵੇਗਾ। ਭਾਰਤੀ ਰੁਪਏ ਵਿੱਚ ਇਹ ਰਕਮ ਲਗਭਗ 17 ਲੱਖ ਰੁਪਏ ਬਣਦੀ ਹੈ। ਇਸ ਰਕਮ ਵਿੱਚ ਕਾਲਜ ਦੀ ਟਿਊਸ਼ਨ ਫੀਸ ਅਤੇ ਭਾਰਤ ਤੋਂ ਕੈਨੇਡਾ ਆਉਣ-ਜਾਣ ਦਾ ਟ੍ਰੈਵਲ ਖਰਚ ਸ਼ਾਮਲ ਨਹੀਂ ਹੈ। ਟਿਊਸ਼ਨ ਫੀਸ ਅਤੇ ਯਾਤਰਾ ਖਰਚ ਦਾ ਹਿਸਾਬ ਇਸ ਨਿਰਧਾਰਤ ਰਕਮ ਤੋਂ ਵੱਖਰਾ ਰਹੇਗਾ।

ਪਰਿਵਾਰ ਦੇ 4 ਮੈਂਬਰਾਂ ਨਾਲ ਦਿਖਾਉਣੇ ਹੋਣਗੇ 30 ਲੱਖ

ਇਮੀਗ੍ਰੇਸ਼ਨ ਵਿਭਾਗ (IRCC) ਦੇ ਅਧਿਕਾਰਤ ਡਾਟਾ ਚਾਰਟ ਦੇ ਅਨੁਸਾਰ, ਜੇਕਰ ਵਿਦਿਆਰਥੀ ਦੇ ਨਾਲ ਉਸ ਦੇ ਪਰਿਵਾਰਕ ਮੈਂਬਰ ਵੀ ਕੈਨੇਡਾ ਜਾਂਦੇ ਹਨ ਤਾਂ ਉਸੇ ਹਿਸਾਬ ਨਾਲ ਫੰਡ ਦੀ ਸੀਮਾ ਵਧ ਜਾਵੇਗੀ। ਦੋ ਮੈਂਬਰਾਂ ਦੇ ਪਰਿਵਾਰ ਲਈ ਇਹ ਸੀਮਾ 29,185 CAD (20.10 ਲੱਖ ਰੁਪਏ), ਤਿੰਨ ਮੈਂਬਰਾਂ ਲਈ 35,880 CAD (24.74 ਲੱਖ ਰੁਪਏ) ਅਤੇ ਚਾਰ ਮੈਂਬਰਾਂ ਦੇ ਪਰਿਵਾਰ ਲਈ 43,562 CAD (30.04 ਲੱਖ ਰੁਪਏ) ਨਿਰਧਾਰਤ ਕੀਤੀ ਗਈ ਹੈ। ਇਸ ਤੋਂ ਬਾਅਦ ਪਰਿਵਾਰ ਦੇ ਹਰੇਕ ਵਾਧੂ ਮੈਂਬਰ ਨੂੰ ਸ਼ਾਮਲ ਕਰਨ ਤੇ 6,315 ਕੈਨੇਡੀਅਨ ਡਾਲਰ (4.35 ਲੱਖ ਰੁਪਏ) ਦਾ ਵਾਧੂ ਫੰਡ ਬੈਂਕ ਖਾਤੇ ਵਿੱਚ ਦਿਖਾਉਣਾ ਲਾਜ਼ਮੀ ਹੋਵੇਗਾ। ਹਾਲਾਂਕਿ, ਇਹ ਨਿਯਮ ਕਿਊਬੈਕ ਪ੍ਰਾਂਤ ਨੂੰ ਛੱਡ ਕੇ ਪੂਰੇ ਕੈਨੇਡਾ ਵਿੱਚ ਲਾਗੂ ਹੋਣਗੇ, ਕਿਉਂਕਿ ਕਿਊਬੈਕ ਆਪਣੇ ਲਿਵਿੰਗ ਐਕਸਪੈਂਸ ਦੇ ਨਿਯਮ ਵੱਖਰੇ ਤੌਰ ਤੇ ਤੈਅ ਕਰਦਾ ਹੈ।

ਮਹਿੰਗਾਈ ਦੇ ਚੱਲਦਿਆਂ ਕੈਨੇਡਾ ਸਰਕਾਰ ਨੇ ਵਧਾਇਆ ਬਜਟ

IRCC ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਇਸ ਫੈਸਲੇ ਦਾ ਮੁੱਖ ਮਕਸਦ ਕੈਨੇਡਾ ਵਿੱਚ ਰਹਿ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਿੱਤੀ ਸੰਕਟ ਅਤੇ ਮਹਿੰਗਾਈ ਤੋਂ ਬਚਾਉਣਾ ਹੈ। ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਰੈਂਟ (ਮਕਾਨ ਦਾ ਕਿਰਾਇਆ), ਗ੍ਰੋਸਰੀ ਅਤੇ ਬੇਸਿਕ ਯੂਟਿਲਿਟੀਜ਼ ਦੀਆਂ ਕੀਮਤਾਂ ਵਿੱਚ ਕਾਫ਼ੀ ਤੇਜ਼ੀ ਨਾਲ ਵਾਧਾ ਹੋਇਆ ਹੈ। ਪੁਰਾਣਾ ਫੰਡ ਪੈਰਾਮੀਟਰ ਮੌਜੂਦਾ ਮਹਿੰਗਾਈ ਦਰਾਂ ਦੇ ਮੁਕਾਬਲੇ ਕਾਫ਼ੀ ਘੱਟ ਪੈ ਰਿਹਾ ਸੀ। ਇਸ ਕਾਰਨ ਕਈ ਵਿਦੇਸ਼ੀ ਵਿਦਿਆਰਥੀਆਂ ਨੂੰ ਉੱਥੇ ਜਾ ਕੇ ਪਾਰਟ-ਟਾਈਮ ਜੌਬ ਤੇ ਪੂਰੀ ਤਰ੍ਹਾਂ ਨਿਰਭਰ ਰਹਿਣਾ ਪੈਂਦਾ ਸੀ ਜਾਂ ਰਹਿਣ-ਖਾਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।

ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਹੁਣ 1 ਸਤੰਬਰ 2026 ਤੋਂ ਬਾਅਦ ਵੀਜ਼ਾ ਫਾਈਲ ਜਮ੍ਹਾਂ ਕਰਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਤਿੰਨ ਵੱਖ-ਵੱਖ ਮਦਾਂ ਵਿੱਚ ਆਪਣਾ ਫੰਡ ਪ੍ਰੂਫ ਦੇਣਾ ਹੋਵੇਗਾ। ਪਹਿਲਾ, ਪਹਿਲੇ ਸਾਲ ਦੀ ਪੂਰੀ ਟਿਊਸ਼ਨ ਫੀਸ; ਦੂਜਾ, ਨਿਰਧਾਰਤ ਲਿਵਿੰਗ ਐਕਸਪੈਂਸ ਦਿਖਾਉਣਾ ਹੋਵੇਗਾ, ਜੋ ਸਿੰਗਲ ਵਿਦਿਆਰਥੀ ਲਈ 23,448 ਡਾਲਰ ਹੈ; ਅਤੇ ਤੀਜਾ, ਭਾਰਤ ਤੋਂ ਕੈਨੇਡਾ ਆਉਣ-ਜਾਣ ਦੀ ਟਿਕਟ ਦਾ ਖਰਚ। ਮਾਹਰਾਂ ਦੀ ਸਲਾਹ ਹੈ ਕਿ ਕੈਨੇਡੀਅਨ ਵੀਜ਼ਾ ਰਿਜੈਕਟ ਹੋਣ ਤੋਂ ਬਚਣ ਲਈ ਵਿਦਿਆਰਥੀ ਆਪਣੇ ਸਪਾਂਸਰ ਜਾਂ ਬੈਂਕ ਸਟੇਟਮੈਂਟ ਵਿੱਚ ਅਧਿਕਾਰਤ ਵੈੱਬਸਾਈਟ ਵੱਲੋਂ ਨਿਰਧਾਰਤ ਰਕਮ ਤੋਂ ਥੋੜ੍ਹਾ ਵੱਧ ਬੈਲੈਂਸ ਮੇਨਟੇਨ ਰੱਖਣ, ਤਾਂ ਜੋ ਐਪਲੀਕੇਸ਼ਨ ਵਿੱਚ ਕੋਈ ਰੁਕਾਵਟ ਨਾ ਆਵੇ।

LEAVE A REPLY

Please enter your comment!
Please enter your name here