Home Crime Phagwara ਬੱਸ ਸਟੈਂਡ ਤੋਂ ਪ੍ਰਾਈਵੇਟ ਬੱਸ ਲੈ ਕੇ ਫ਼ਰਾਰ ਹੋਇਆ ਚੋਰ, ਜਾਂਦੇ...

Phagwara ਬੱਸ ਸਟੈਂਡ ਤੋਂ ਪ੍ਰਾਈਵੇਟ ਬੱਸ ਲੈ ਕੇ ਫ਼ਰਾਰ ਹੋਇਆ ਚੋਰ, ਜਾਂਦੇ ਸਮੇਂ ਹੋਰ ਵਾਹਨਾਂ ਨੂੰ ਮਾਰੀ ਟੱਕਰ

8
0

ਫਗਵਾੜਾ ਬੱਸ ਸਟੈਂਡ ਤੋਂ ਤੜਕੇ ਇੱਕ ਚੋਰ ਪ੍ਰਾਈਵੇਟ ਬੱਸ ਭਜਾ ਕੇ ਲੈ ਗਿਆ।

ਚੋਰੀ ਦੌਰਾਨ ਮੁਲਜ਼ਮ ਨੇ ਬੱਸ ਲੈ ਕੇ ਭੱਜਦੇ ਸਮੇਂ ਸਟੈਂਡ ‘ਤੇ ਖੜ੍ਹੀਆਂ ਹੋਰ ਬੱਸਾਂ ਨੂੰ ਵੀ ਟੱਕਰ ਮਾਰ ਕੇ ਨੁਕਸਾਨ ਪਹੁੰਚਾਇਆ। ਬੱਸ ਚੋਰੀ ਹੋਣ ਦਾ ਪਤਾ ਸਵੇਰੇ ਕੰਡਕਟਰ ਦੇ ਬੱਸ ਸਟੈਂਡ ਪਹੁੰਚਣ ‘ਤੇ ਲੱਗਾ, ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਘਟਨਾ ਤੋਂ ਬਾਅਦ ਪੁਲਿਸ ਨੇ ਬੱਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਪੀੜਤ ਬੱਸ ਮਾਲਕ ਮਿੰਟੂ ਤੇ ਕੰਡਕਟਰ ਪਵਨ ਕੁਮਾਰ ਨੇ ਦੱਸਿਆ ਕਿ ਪੀਲੇ ਰੰਗ ਦੀ ‘ਗੁਰੂ ਹਰਗੋਬਿੰਦ’ ਨਾਮ ਦੀ ਬੱਸ PB 10 DH 5157 ਨੂੰ ਕੰਡਕਟਰ ਨੇ ਰਾਤ ਕਰੀਬ 8:30 ਵਜੇ ਲਾਕ ਕੀਤਾ ਸੀ ਤੇ ਉਹ ਘਰ ਚਲੇ ਗਏ ਸਨ। ਤੜਕੇ ਕਰੀਬ 4 ਤੋਂ 4:15 ਵਜੇ ਦੇ ਵਿਚਕਾਰ ਇੱਕ ਅਣਪਛਾਤਾ ਵਿਅਕਤੀ ਬੱਸ ਲੈ ਕੇ ਫ਼ਰਾਰ ਹੋ ਗਿਆ। ਘਟਨਾ ਦਾ ਪਤਾ ਸਵੇਰੇ ਕਰੀਬ 4:40 ਵਜੇ ਲੱਗਾ, ਜਦੋਂ ਕੰਡਕਟਰ ਬੱਸ ਸਟੈਂਡ ਪਹੁੰਚਿਆ।
ਉੱਥੇ ਮੌਜੂਦ ਹੋਰ ਬੱਸ ਚਾਲਕਾਂ ਨੇ ਕੰਡਕਟਰ ਨੂੰ ਦੱਸਿਆ ਕਿ ਇੱਕ ਅਣਪਛਾਤੇ ਵਿਅਕਤੀ ਨੇ ਬੱਸ ਦਾ ਸ਼ੀਸ਼ਾ ਤੋੜਿਆ ਤੇ ਤੇਜ਼ ਰਫ਼ਤਾਰ ਨਾਲ ਬੱਸ ਲੈ ਕੇ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਕੰਡਕਟਰ ਨੇ ਬੱਸ ਦੇ ਡਰਾਈਵਰ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਾ ਕਿ ਡਰਾਈਵਰ ਘਰ ‘ਤੇ ਹੀ ਸੀ। ਇਸ ਨਾਲ ਬੱਸ ਚੋਰੀ ਹੋਣ ਦੀ ਪੁਸ਼ਟੀ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਇੱਕ ਹੋਰ ਬੱਸ ਦੇ ਡਰਾਈਵਰ ਨੇ ਮੁਲਜ਼ਮ ਨੂੰ ਬੱਸ ਲੈ ਕੇ ਜਾਂਦੇ ਹੋਏ ਦੇਖ ਲਿਆ ਤੇ ਉਸ ਨੂੰ ਰੋਕਣ ਲਈ ਨੰਗੇ ਪੈਰ ਹੀ ਉਸ ਦੇ ਪਿੱਛੇ ਦੌੜ ਪਿਆ। ਹਾਲਾਂਕਿ ਮੁਲਜ਼ਮ ਨੇ ਬੱਸ ਦੀ ਰਫ਼ਤਾਰ ਹੋਰ ਤੇਜ਼ ਕਰ ਦਿੱਤੀ ਤੇ ਰਸਤੇ ‘ਚ ਇੱਕ ਹੋਰ ਬੱਸ ਨੂੰ ਟੱਕਰ ਮਾਰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਿਆ।
ਪੀੜਤਾਂ ਨੇ ਤੁਰੰਤ ਪੁਲਿਸ ਚੌਕੀ ‘ਚ ਸ਼ਿਕਾਇਤ ਦਰਜ ਕਰਵਾਈ ਅਤੇ ਬੱਸ ਦੀਆਂ ਤਸਵੀਰਾਂ ਵੀ ਪੁਲਿਸ ਨੂੰ ਮੁਹੱਈਆ ਕਰਵਾਈਆਂ ਹਨ। ਪੁਲਿਸ ਵੱਲੋਂ ਫਲਾਈਓਵਰ ਤੇ ਆਸ-ਪਾਸ ਲੱਗੇ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਬੱਸ ਮਾਲਕ ਤੇ ਕੰਡਕਟਰ ਨੇ ਖਦਸ਼ਾ ਜਤਾਇਆ ਹੈ ਕਿ ਚੋਰੀ ਕੀਤੀ ਗਈ ਬੱਸ ਦੀ ਵਰਤੋਂ ਕਿਸੇ ਵੱਡੀ ਅਪਰਾਧਿਕ ਵਾਰਦਾਤ ‘ਚ ਕੀਤੀ ਜਾ ਸਕਦੀ ਹੈ। ਉਨ੍ਹਾਂ ਪੁਲਿਸ ਤੋਂ ਬੱਸ ਨੂੰ ਜਲਦ ਤੋਂ ਜਲਦ ਬਰਾਮਦ ਕਰਨ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here