Home Desh Punjab Weather Update: ਪੰਜਾਬ ‘ਚ ਅੱਜ ਤੇ ਭਲਕ ਲਈ ਮੀਂਹ ਦਾ ਅਲਰਟ,...

Punjab Weather Update: ਪੰਜਾਬ ‘ਚ ਅੱਜ ਤੇ ਭਲਕ ਲਈ ਮੀਂਹ ਦਾ ਅਲਰਟ, ਸੱਤ ਅਗਸਤ ਤੋਂ ਕਮਜ਼ੋਰ ਪੈ ਜਾਵੇਗਾ ਮੌਨਸੂਨ

9
0

ਓਧਰ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ’ਚ ਵੀ ਮੀਂਹ ਤੇ ਮੀਂਹ ਕਾਰਨ ਵਾਪਰੇ ਹਾਦਸਿਆਂ ’ਚ ਦੋ ਲੋਕਾਂ ਦੀ ਜਾਨ ਚਲੀ ਗਈ।

ਕਮਜ਼ੋਰ ਹੋਣ ਤੋਂ ਪਹਿਲਾਂ ਮੌਨਸੂਨ ਪੰਜਾਬ ਸਮੇਤ ਉੱਤਰ ਭਾਰਤ ’ਚ ਖੁੱਲ੍ਹ ਕੇ ਵਰ੍ਹ ਰਿਹਾ ਹੈ। ਮੰਗਲਵਾਰ ਨੂੰ ਪੰਜਾਬ ਤੇ ਗੁਆਂਢੀ ਸੂਬਿਆਂ ’ਚ ਭਾਰੀ ਬਾਰਿਸ਼ ਹੋਈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਤੇ ਵੀਰਵਾਰ ਨੂੰ ਵੀ ਇਹ ਸਿਲਸਿਲਾ ਜਾਰੀ ਰਹੇਗਾ।

ਪੰਜਾਬ ’ਚ ਮੰਗਲਵਾਰ ਨੂੰ ਕਈ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪਿਆ। ਮੌਸਮ ਵਿਭਾਗ ਮੁਤਾਬਕ ਪੰਜਾਬ ’ਚ ਸਭ ਤੋਂ ਵੱਧ 145 ਮਿਲੀਮੀਟਰ ਮੀਂਹ ਪਟਿਆਲਾ ’ਚ ਤੇ 122 ਮਿਲੀਮੀਟਰ ਪਠਾਨਕੋਟ ’ਚ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹੁਸ਼ਿਆਰਪੁਰ ’ਚ 63.5 ਮਿਲੀਮੀਟਰ, ਚੰਡੀਗੜ੍ਹ ’ਚ 49.0, ਰੂਪਨਗਰ ’ਚ 62.0, ਬਰਨਾਲਾ ’ਚ 40.5, ਅੰਮ੍ਰਿਤਸਰ ’ਚ 32.2, ਲੁਧਿਆਣਾ ’ਚ 33.3, ਕਪੂਰਥਲਾ ’ਚ 23.8, ਮੋਹਾਲੀ ’ਚ 28.5, ਫ਼ਰੀਦਕੋਟ ’ਚ 12.8, ਸ਼ਹੀਦ ਭਗਤ ਸਿੰਘ ਨਗਰ ’ਚ 43.3, ਮੋਗਾ ’ਚ 17.9, ਫਿਰੋਜ਼ਪੁਰ ’ਚ 3.5 ਤੇ ਫਾਜ਼ਿਲਕਾ ’ਚ 1.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਭਾਗ ਦੀ ਪੇਸ਼ੀਨਗੋਈ ਮੁਤਾਬਕ ਪੰਜ ਤੇ ਛੇ ਅਗਸਤ ਨੂੰ ਵੀ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ ਹੈ। ਇਸ ਤੋਂ ਬਾਅਦ 7 ਅਗਸਤ ਤੋਂ ਮੌਨਸੂਨ ਕਮਜ਼ੋਰ ਪੈਣ ਕਾਰਨ ਕਈ ਜ਼ਿਲ੍ਹਿਆਂ ’ਚ ਸਿਰਫ਼ ਛਿਟਪੁੱਟ ਮੀਂਹ ਪੈਣ ਦੀ ਸੰਭਾਵਨਾ ਹੈ। 8 ਤੋਂ 10 ਅਗਸਤ ਤੱਕ ਸੂਬੇ ਦੇ ਵੱਖ-ਵੱਖ ਸਥਾਨਾਂ ’ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ।

ਓਧਰ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ’ਚ ਵੀ ਮੀਂਹ ਤੇ ਮੀਂਹ ਕਾਰਨ ਵਾਪਰੇ ਹਾਦਸਿਆਂ ’ਚ ਦੋ ਲੋਕਾਂ ਦੀ ਜਾਨ ਚਲੀ ਗਈ। ਕਈ ਥਾਈਂ ਲੋਕ ਫਸ ਗਏ ਹਨ ਤੇ ਕਿਤੇ ਪਾਣੀ ਭਰਨ ਕਾਰਨ ਲੋਕ ਮੁਸ਼ਕਲ ’ਚ ਹਨ। ਸੂਬੇ ਦੇ ਸਿਰਮੌਰ ਜ਼ਿਲ੍ਹੇ ਦੇ ਪੱਛਾਦ ਉਪਮੰਡਲ ਦੇ ਪਿੰਡ ਡਿੰਗਰੀ ਸਰਜੇਟ ’ਚ ਮੰਗਲਵਾਰ ਸਵੇਰੇ ਕਰੀਬ ਸਾਢੇ ਛੇ ਵਜੇ ਮੀਂਹ ਦੌਰਾਨ ਫਿਸਲ ਕੇ ਇੱਕ ਕਾਰ ਲਗਭਗ 300 ਫੁੱਟ ਡੂੰਘੀ ਖੱਡ ’ਚ ਡਿੱਗ ਗਈ। ਇਸ ਹਾਦਸੇ ’ਚ ਜੀਜੇ-ਸਾਲੇ ਦੀ ਮੌਤ ਹੋ ਗਈ, ਜਦਕਿ ਇੱਕ ਮਹਿਲਾ ਜ਼ਖ਼ਮੀ ਹੋ ਗਈ। ਨਾਹਨ ’ਚ ਕਟਾਸਨ ਨੇੜੇ ਜਲਮੂਸਾ ਖੱਡ ਦਾ ਜਲ ਪੱਧਰ ਵਧਣ ਕਾਰਨ 25 ਲੋਕ ਫਸ ਗਏ। ਪੁਲਿਸ, ਹੋਮਗਾਰਡ, ਫਾਇਰ ਬ੍ਰਿਗੇਡ ਤੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਕਰੀਬ ਤਿੰਨ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

ਪਾਉਂਟਾ ਸਾਹਿਬ ਦੇ ਭੂਪਪੁਰ ’ਚ ਕਾਲਾ ਅੰਬ-ਪਾਉਂਟਾ ਸਾਹਿਬ ਕੌਮੀ ਮਾਰਗ ’ਤੇ ਕਰੀਬ ਅੱਧਾ ਕਿਲੋਮੀਟਰ ਖੇਤਰ ’ਚ ਤਿੰਨ ਤੋਂ ਚਾਰ ਫੁੱਟ ਤੱਕ ਪਾਣੀ ਭਰ ਗਿਆ। ਇਸ ਕਾਰਨ ਪਾਣੀ ਦੁਕਾਨਾਂ ਤੇ ਘਰਾਂ ’ਚ ਦਾਖ਼ਲ ਹੋ ਗਿਆ। ਇਸ ਦੇ ਵਿਰੋਧ ਵਿੱਚ ਲੋਕਾਂ ਨੇ ਦੇਹਰਾਦੂਨ ਤੋਂ ਚੰਡੀਗੜ੍ਹ ਜਾਣ ਵਾਲੇ ਵਾਹਨਾਂ ਨੂੰ ਕਰੀਬ ਇੱਕ ਘੰਟੇ ਤੱਕ ਰੋਕ ਕੇ ਰੱਖਿਆ। ਸ਼ਿਮਲਾ ’ਚ ਮੀਂਹ ਦੌਰਾਨ ਮੰਗਲਵਾਰ ਦੁਪਹਿਰ ਪੁਰਾਣੇ ਬੈਰੀਅਰ ਸਥਿਤ ਪੈਟਰੋਲ ਪੰਪ ਨੇੜੇ ਚੱਲਦੀ ਇੱਕ ਨਿੱਜੀ ਬੱਸ ’ਤੇ ਦਰੱਖਤ ਡਿੱਗ ਗਿਆ। ਬੱਸ ’ਚ ਕਰੀਬ ਸੱਤ ਯਾਤਰੀ ਸਵਾਰ ਸਨ ਅਤੇ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ।

LEAVE A REPLY

Please enter your comment!
Please enter your name here