Home Desh ਸਰਪੰਚੀ ਵਿਵਾਦ ‘ਤੇ ਖੂਨੀ ਝੜਪ… ਅੰਮ੍ਰਿਤਸਰ ਦੇ ਭਕਨਾ ਕਲਾਂ ‘ਚ ਤਾਬੜਤੋੜ ਗੋਲੀਬਾਰੀ,...

ਸਰਪੰਚੀ ਵਿਵਾਦ ‘ਤੇ ਖੂਨੀ ਝੜਪ… ਅੰਮ੍ਰਿਤਸਰ ਦੇ ਭਕਨਾ ਕਲਾਂ ‘ਚ ਤਾਬੜਤੋੜ ਗੋਲੀਬਾਰੀ, ਇੱਕ ਦੀ ਮੌਤ ਤੇ ਇੱਕ ਜ਼ਖ਼ਮੀ

10
0

ਅੰਮ੍ਰਿਤਸਰ ਦੇ ਘਰਿੰਡਾ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ‘ਚ ਆਉਣ ਵਾਲੇ ਭਕਨਾ ਕਲਾਂ ਪਿੰਡ ਦੀ ਦਾਣਾ ਮੰਡੀ ‘ਚ ਸਰਪੰਚੀ ਵਿਵਾਦ ਖੂਨੀ ਝੜਪ ‘ਚ ਬਦਲ ਗਿਆ।

ਇਸ ਮਾਮਲੇ ‘ਚ ਕਾਰਵਾਈ ਕਰਦੇ ਹੋਏ ਪੁਲਿਸ ਨੇ ਹੁਣ ਤੱਕ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਹੋਰ ਨਾਮਜ਼ਦ ਸ਼ੱਕੀਆਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
ਡੀਐਸਪੀ ਅਟਾਰੀ ਯਾਦਵਿੰਦਰ ਸਿੰਘ ਦੇ ਅਨੁਸਾਰ, ਘਰਿੰਡਾ ਪੁਲਿਸ ਸਟੇਸ਼ਨ ਦੇ ਐਸਐਚਓ ਇੰਸਪੈਕਟਰ ਅਮਨਦੀਪ ਸਿੰਘ ਨੂੰ 9 ਜੁਲਾਈ ਨੂੰ ਸ਼ਾਮ 7:30 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਪਿੰਡ ਭਕਨਾ ਕਲਾਂ ‘ਚ ਸਰਪੰਚ ਗੁਰਦੀਪ ਸਿੰਘ ਤੇ ਪੰਚਾਇਤ ਮੈਂਬਰ ਪ੍ਰਗਟ ਸਿੰਘ ਦੇ ਧੜੇ ਆਪਸ ‘ਚ ਭਿੜ ਰਹੇ ਹਨ। ਡੀਐਸਪੀ ਨੇ ਦੱਸਿਆ ਕਿ ਸਰਪੰਚ ਗੁਰਦੀਪ ਸਿੰਘ ਤੇ ਪੰਚਾਇਤ ਮੈਂਬਰ ਪ੍ਰਗਟ ਸਿੰਘ (ਉਰਫ਼ ਬੱਲੂ) ਵਿਚਕਾਰ ਸਰਪੰਚ ਅਹੁਦੇ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ।
ਦੋਵਾਂ ਧੜਿਆਂ ਨੇ ਇਸ ਵਿਵਾਦ ਸਬੰਧੀ ਦਾਣਾ ਮੰਡੀ ‘ਚ ਮਿਲਣ ਦਾ ਪ੍ਰਬੰਧ ਕੀਤਾ ਸੀ। ਦੋਵੇਂ ਪਾਸਿਆਂ ਤੋਂ 10 ਤੋਂ 15 ਗੱਡੀਆਂ ‘ਚ ਨੌਜਵਾਨ ਆਏ। ਗੱਲਬਾਤ ਦੌਰਾਨ ਬਹਿਸ ਤੇਜ਼ ਹੋ ਗਈ, ਜਿਸ ਕਾਰਨ ਦੋਵੇਂ ਪਾਸਿਓਂ ਗੋਲੀਬਾਰੀ ਸ਼ੁਰੂ ਹੋ ਗਈ।

ਗੋਲੀਬਾਰੀ ਵਿੱਚ ਇੱਕ ਦੀ ਮੌਤ, ਇੱਕ ਜ਼ਖਮੀ

ਸੂਚਨਾ ਮਿਲਣ ‘ਤੇ, ਇੱਕ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ, ਪਰ ਦੋਵਾਂ ਪਾਸਿਆਂ ਵੱਲੋਂ ਪਹਿਲਾਂ ਹੀ ਕਈ ਗੋਲੀਆਂ ਚਲਾਈਆਂ ਜਾ ਚੁੱਕੀਆਂ ਸਨ। ਗੋਲੀਬਾਰੀ ‘ਚ ਪ੍ਰਗਟ ਸਿੰਘ ਧਿਰ ਦੇ ਗੁਰਸ਼ਰਨ ਸਿੰਘ ਉਰਫ਼ ਚੀਨੀ ਦੀ ਮੌਤ ਹੋ ਗਈ। ਉਹ ਰਾਜਾਸਾਂਸੀ ਥਾਣੇ ਅਧੀਨ ਪੈਂਦੇ ਪਿੰਡ ਕੋਟਲੀ ਸੱਕਾ ਦਾ ਰਹਿਣ ਵਾਲਾ ਸੀ। ਇਸ ਘਟਨਾ ‘ਚ ਇੱਕ ਹੋਰ ਵਿਅਕਤੀ, ਸੁਖਮਨ ਜ਼ਖਮੀ ਹੋ ਗਿਆ।

ਪੁਲਿਸ ਹਿਰਾਸਤ ‘ਚ ਜ਼ਖਮੀ ਸਮੇਤ 9 ਗ੍ਰਿਫ਼ਤਾਰ

ਮਾਮਲੇ ‘ਚ ਕਾਰਵਾਈ ਕਰਦੇ ਹੋਏ, ਪੁਲਿਸ ਨੇ ਮੌਕੇ ਅਤੇ ਆਲੇ-ਦੁਆਲੇ ਦੇ ਇਲਾਕੇ ਤੋਂ 8 ਦੋਸ਼ੀ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ, ਜ਼ਖਮੀ ਸੁਖਮਨ ਹਸਪਤਾਲ ‘ਚ ਦਾਖਲ ਹੈ। ਪੁਲਿਸ ਨੇ ਹਸਪਤਾਲ ‘ਚ ਸੁਰੱਖਿਆ ਪ੍ਰਬੰਧਾਂ ਨੂੰ ਬਣਾਈ ਰੱਖਦੇ ਹੋਏ ਉਸਨੂੰ ਰਸਮੀ ਤੌਰ ‘ਤੇ ਗ੍ਰਿਫਤਾਰ ਕਰ ਲਿਆ ਹੈ। ਇਸ ਤਰ੍ਹਾਂ, ਹੁਣ ਤੱਕ ਕੁੱਲ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਫਰਾਰ ਮੁਲਜ਼ਮਾਂ ਨੂੰ ਲੱਭਣ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

LEAVE A REPLY

Please enter your comment!
Please enter your name here