ਭਾਜਪਾ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਮੰਤਰੀਆਂ ਦੇ ਘਰ ਈਡੀ ਅਤੇ ਸੀਬੀਆਈ ਦੀਆਂ ਰੇਡਾਂ ਮਰਵਾ ਕੇ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।
ਬਰਨਾਲਾ। ਭਾਜਪਾ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਮੰਤਰੀਆਂ ਦੇ ਘਰ ਈਡੀ ਅਤੇ ਸੀਬੀਆਈ ਦੀਆਂ ਰੇਡਾਂ ਮਰਵਾ ਕੇ ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ, ‘ਆਪ’ ਲੀਡਰਾਂ ਨੂੰ ਵੱਡੇ ਵੱਡੇ ਲਾਲਚ ਦਿੱਤੇ ਜਾ ਰਹੇ ਹਨ। ਇਹ ਭਾਜਪਾ ਦੀ ਕੋਝੀ ਚਾਲ ਹੈ। ਇਸ ਸਬੰਧੀ ਮੀਡੀਆ ਦੇ ਰੂਬਰੂ ਹੁੰਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਹੁਣ ਚੋਣਾਂ ਦਾ ਸਮਾਂ ਚੱਲ ਰਿਹਾ ਹੈ, ਪਿਛਲੇ 12 ਸਾਲ ਤੋਂ ਜਦੋਂ ਤੋਂ ਬੀਜੇਪੀ ਸੱਤਾ ਦੇ ’ਚ ਆਈ ਹੈ ਉਦੋ ਤੋਂ ਹੀ ਵਿਰੋਧੀਆਂ ਪਾਰਟੀਆਂ ਦੇ ਲੀਡਰਾਂ ਨੂੰ ਡਰਾਇਆ ਧਮਕਾਇਆ ਅਤੇ ਈਡੀ ਦੀਆਂ ਰੇਡਾਂ ਮਰਵਾਈਆਂ ਜਾ ਰਹੀਆਂ ਹਨ।
ਭਾਜਪਾ ਵਲੋਂ ਕਿਸੇ ਵੀ ਤਰ੍ਹਾਂ ਨਾਲ ਹਰ ਸੂਬੇ ਆਗੂਆਂ ਨੂੰ ਤੋੜਨ ਦੀਆਂ ਕੋਸਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਹਰ ਤਰ੍ਹਾਂ ਦੇ ਚਾਲਚ ਦਿੱਤੇ ਜਾ ਰਹੇ ਹਨ। ਬੀਜੇਪੀ ਦੇ ਰਾਜ ’ਚ ਧੱਕੇਸ਼ਾਹੀ ਹੋ ਰਹੀ ਹੈ, ਜਦ ਕੋਈ ਹੋਰ ਪਾਰਟੀ ਦਾ ਵਰਕਰ ਆਪਣੀ ਪਾਰਟੀ ਦਾ ਸਾਥ ਦਿੰਦਾ ਹੈ ਤਾਂ ਉਸ ਖ਼ਿਲਾਫ਼ ਪਰਚੇ ਦਰਜ ਹੁੰਦੇ ਹਨ ਪਰ ਜਦੋਂ ਬੀਜੇਪੀ ’ਚ ਸ਼ਾਮਲ ਹੁੰਦਾ ਹੈ ਤਾਂ ਉਨ੍ਹਾਂ ’ਤੇ ਕੋਈ ਪਰਚਾ ਦਰਜ ਨਹੀਂ ਹੁੰਦਾ। ਅਜੀਤ ਪਰਿਵਾਰ ’ਤੇ ਇੱਕੋ ਦਿਨ 70 ਪਰਚੇ ਪਾਏ ਗਏ।
ਕਿਸੇ ਵੀ ਸਟੇਟ ’ਚ ਜੇਕਰ ਭਾਜਪਾ ਤੋਂ ਉਲਟ ਕੋਈ ਮੰਤਰੀ ਬਣਦਾ ਹੈ ਤਾਂ ਭਾਜਪਾ ਦੀ ਸ਼ਹਿ ’ਤੇ ਉਨ੍ਹਾਂ ਦੇ ਘਰ ਈਡੀ ਤੇ ਸੀਬੀਆਈ ਦੀਆਂ ਰੇਡਾਂ ਕਰਵਾ ਕੇ ਉਨ੍ਹਾਂ ਨੂੰ ਪਾਰਟੀ ’ਚ ਸ਼ਾਮਲ ਕਰ ਕੇ ਆਪਣਾ ਲੀਡਰ ਬਣਾ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਰਾਹੁਲ ਗਾਂਧੀ ਦੀ ਕੋਰ ਟੀਮ ਉਨ੍ਹਾਂ ਦੇ ਇਧਰ-ਉਧਰ ਬੈਠਦੀ ਸੀ ਭਾਵੇਂ ਉਹ ਪੰਜਾਬ ਤੋਂ ਹੀ ਰਵਨੀਤ ਬਿੱਟੂ ਹੋਣ ਜਾਂ ਸਿਵੀਆ ਹੋਣ ਅੱਜ ਉਹ ਬੀਜੇਪੀ ਦੇ ਪਹਿਲੇ ਬੈਂਚਾਂ ’ਤੇ ਬੈਠੇ ਹੁੰਦੇ ਤੇ ਬੀਜੇਪੀ ਸੰਗਠਨ ਦੇ ਬੰਦੇ ਪਿੱਛੇ ਬੈਠੇ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਬੰਦੇ ਭਾਜਪਾ ’ਚ ਗਏ। ਅੱਜ ਬੀਜੇਪੀ ਦੀ ਮੀਟਿੰਗ ਹੋਵੇ ਤਾਂ ਬੀਜੇਪੀ ਦੇ ਘੱਟ ਤੇ ਕਾਂਗਰਸ ਦੇ ਜ਼ਿਆਦਾ ਲੀਡਰ ਪਹਿਲੀ ਕਤਾਰ ’ਚ ਬੈਠੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲ ਕੋਈ ਈਡੀ ਤੇ ਸੀਬੀਆਈ ਦੀ ਰੇਡ ਨਹੀਂ ਹੋਈ। ਹੁਣ ਆਮ ਆਦਮੀ ਪਾਰਟੀ ਦੇ ਲੀਡਰਾਂ, ਕਦੇ ਐੱਮਪੀ ਅਤੇ ਕਦੇ ਸਾਡੇ ਮੰਤਰੀਆਂ ’ਤੇ ਰੇਡਾਂ ਕੀਤੀਆਂ ਜਾ ਰਹੀਆਂ ਹਨ, ਉਹ ਸਭ ਨੂੰ ਪਤਾ ਕਿ ਇਹ ਇਕ ਪੋਲੀਟੀਕਲ ਵਿੰਗ ਵਾਂਗ ਈਡੀ ਤੇ ਸੀਬੀਆਈ ਨੂੰ ਜਿਹੜਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਰਾਘਵ ਚੱਢਾ, ਜੋ ਆਮ ਆਦਮੀ ਪਾਰਟੀ ਦੇ ਲੀਡਰ ਸਨ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਬਹੁਤ ਕੁਝ ਦਿੱਤਾ। ਪਾਰਟੀ ਨੂੰ ਪਹਿਲਾਂ ਹੀ ਸ਼ੰਕਾ ਸੀ ਕਿ ਰਾਘਵ ਚੱਢਾ ਅਤੇ ਬੀਜੇਪੀ ਤੇ ਅਮਿਤ ਸ਼ਾਹ ਨਾਲ ਕੋਈ ਗਿਟਮਿਟ ਹੋਈ ਹੈ ਜਿਹਦੇ ਕਰ ਕੇ ਇਸ ਔਖੇ ਸਮੇਂ ਅੰਦਰ ਉਹ ਛੱਡ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਭ ਕੁੱਝ ਪਤਾ ਹੈ ਜਿਸ ਦਾ ਨਤੀਜਾ ਬੀਜੇਪੀ ਨੂੰ ਹਰ ਤਰੀਕੇ ਨਾਲ ਭੁਗਤਨਾ ਪਵੇਗਾ।