ਰਮਜ਼ਾਨ ਦਾ ਪਵਿੱਤਰ ਮਹੀਨਾ ਅੱਜ ਭਾਰਤ ‘ਚ ਸਹਿਰੀ ਨਾਲ ਸ਼ੁਰੂ ਹੋ ਚੁੱਕਾ ਹੈ।
ਰਮਜ਼ਾਨ ਨੂੰ ਇਸਲਾਮੀ ਕੈਲੰਡਰ ਦਾ ਨੌਵਾਂ ਮਹੀਨਾ ਮੰਨਿਆ ਜਾਂਦਾ ਹੈ। ਇਸ ਮਹੀਨੇ ਨੂੰ ਇਸਲਾਮ ‘ਚ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਇਸਲਾਮਿਕ ਮਾਨਤਾ ਹੈ ਕਿ ਰਮਜ਼ਾਨ ਦੇ ਮਹੀਨੇ ‘ਚ ਹੀ ਅੱਲਾਹ ਨੇ ਪੈਗੰਬਰ ਮੁਹੰਮਦ ਸਾਹਿਬ ‘ਤੇ ਪਵਿੱਤਰ ਗ੍ਰੰਥ ਕੁਰਾਨ ਸ਼ਰੀਫ ਨਾਜ਼ਿਲ (ਅਵਤਰਿਤ) ਕੀਤਾ ਸੀ। ਭਾਰਤ ‘ਚ ਅੱਜ ਰਮਜ਼ਾਨ ਸ਼ੁਰੂ ਹੋ ਗਿਆ ਹੈ। ਸਾਊਦੀ ਅਰਬ ‘ਚ 17 ਫਰਵਰੀ ਨੂੰ ਸ਼ਾਬਾਨ ਦਾ ਚੰਨ ਦਿਖਾਈ ਦਿੱਤਾ ਸੀ, ਜਿਸ ਤੋਂ ਬਾਅਦ ਪਹਿਲਾਂ ਰੋਜ਼ਾ ਬੁੱਧਵਾਰ, 18 ਫਰਵਰੀ ਨੂੰ ਰੱਖਿਆ ਗਿਆ।
ਭਾਰਤ ‘ਚ, 18 ਫਰਵਰੀ ਨੂੰ ਚੰਨ ਦਿਖਾਈ ਦਿੱਤਾ ਸੀ ਤੇ ਅੱਜ ਪਹਿਲਾ ਰੋਜ਼ਾ ਰੱਖਿਆ ਜਾ ਰਿਹਾ ਹੈ। ਪਰੰਪਰਾ ਅਨੁਸਾਰ, ਭਾਰਤ ‘ਚ ਆਮ ਤੌਰ ‘ਤੇ ਚੰਨ ਸਾਊਦੀ ਅਰਬ ਨਾਲੋਂ ਇੱਕ ਦਿਨ ਬਾਅਦ ਦਿਖਾਈ ਦਿੰਦਾ ਹੈ। ਰਮਜ਼ਾਨ ਦੌਰਾਨ ਰੋਜ਼ਾ ਰੱਖਣ ਵਾਲੇ ਆਪਣਾ ਰੋਜ਼ਾ ਸਹਰੀ (ਸੂਰਜ ਚੜ੍ਹਨ ਤੋਂ ਪਹਿਲਾਂ ਖਾਧਾ ਜਾਣ ਵਾਲਾ ਭੋਜਨ) ਤੇ ਸੂਰਜ ਡੁੱਬਣ ਤੋਂ ਬਾਅਦ ਖਾਧਾ ਜਾਣ ਵਾਲਾ ਭੋਜਨ, ਜਿਸਨੂੰ ਇਫਤਾਰ ਕਿਹਾ ਜਾਂਦਾ ਹੈ, ਨਾਲ ਸ਼ੁਰੂ ਕਰਦੇ ਹਨ। ਆਓ ਜਾਣਦੇ ਹਾਂ ਪਹਿਲੇ ਰੋਜ਼ਾ ਲਈ ਇਫਤਾਰ (ਰੋਜ਼ਾ ਤੋੜਨ) ਦਾ ਸਮਾਂ ਕੀ ਹੈ।
ਸਹਿਰੀ ਤੇ ਇਫਤਾਰ ਦਾ ਸਮਾਂ ਅੱਜ
ਅੱਜ 5:22 ਵਜੇ ‘ਤੇ ਸਹਿਰੀ ਹੋ ਚੁੱਕੀ ਹੈ।
ਅੱਜ ਸ਼ਾਮ ਨੂੰ 6:14 ਮਿੰਟ ‘ਤੇ ਰੋਜ਼ਾ ਖੋਲ੍ਹਣ ਯਾਨੀ ਇਫ਼ਤਾਰ ਦਾ ਸਮਾਂ ਹੈ।
ਰਮਜ਼ਾਨ ‘ਚ ਰੋਜ਼ੇ ਰੱਖਣ ਦਾ ਉਦੇਸ਼
ਹਰ ਬਾਲਗ ਮੁਸਲਮਾਨ ਰਮਜ਼ਾਨ ਦੌਰਾਨ ਰੋਜ਼ੇ ਰੱਖਦਾ ਹੈ। ਇਸਲਾਮ ਦੇ ਅਨੁਸਾਰ, ਇਸ ਮਹੀਨੇ ਦੌਰਾਨ ਰੋਜ਼ੇ ਰੱਖਣਾ ਹਰ ਬਾਲਗ ਮੁਸਲਮਾਨ ਲਈ ਲਾਜ਼ਮੀ ਮੰਨਿਆ ਜਾਂਦਾ ਹੈ। ਰੋਜ਼ੇ ਰੱਖਣ ਦਾ ਅਸਲ ਉਦੇਸ਼ “ਤਕਵਾ” ਪ੍ਰਾਪਤ ਕਰਨਾ ਹੈ, ਜਿਸ ਦਾ ਅਰਥ ਹੈ ਪਰਹੇਜ਼ਗਾਰੀ ਜਾਂ ਬੁਰਾਈ ਤੋਂ ਬਚਣ ਦੀ ਸ਼ਕਤੀ। ਰੋਜ਼ਾ ਸਿਖਾਉਂਦਾ ਹੈ ਕਿ ਜੇਕਰ ਅਸੀਂ ਆਪਣੀਆਂ ਭੁੱਖ ਨੂੰ ਕਾਬੂ ਕਰ ਸਕਦੇ ਹਾਂ, ਤਾਂ ਝੂਠ, ਲਾਲਚ ਤੇ ਗੁੱਸੇ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨਾ ਮੁਸ਼ਕਲ ਨਹੀਂ ਹੈ।
ਰਮਜ਼ਾਨ ਦੇ ਮਹੀਨੇ ਦੀ ਮਹੱਤਤਾ
ਰਮਜ਼ਾਨ ਸਿੱਧੇ ਤੌਰ ‘ਤੇ ਗਿਆਨ ਤੇ ਅਧਿਆਤਮਿਕਤਾ ਨਾਲ ਜੁੜਿਆ ਹੋਇਆ ਹੈ। ਇਤਿਹਾਸਕ ਦਸਤਾਵੇਜ਼ਾਂ ਅਤੇ ਇਸਲਾਮੀ ਧਾਰਮਿਕ ਵਿਸ਼ਵਾਸਾਂ ਦੇ ਅਨੁਸਾਰ, ਇਸ ਮਹੀਨੇ ਦੌਰਾਨ ਪੜ੍ਹਨ, ਸਮਝਣ ਤੇ ਚਿੰਤਨ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਇਹ ਹਨੇਰੇ ਤੋਂ ਰੌਸ਼ਨੀ ਵੱਲ ਵੱਧਣ ਦਾ ਪ੍ਰਤੀਕ ਹੈ। ਇਹ ਮਹੀਨਾ ਮਨੁੱਖਤਾ, ਦਾਨ ਤੇ ਲੋੜਵੰਦਾਂ ਦੀ ਮਦਦ ਕਰਨ ਦਾ ਸੰਦੇਸ਼ ਵੀ ਦਿੰਦਾ ਹੈ।