Home Crime Amritsar Police ਦੀ ਵੱਡੀ ਸਫਲਤਾ, ਕਤਲ ਕੇਸ ਵਿੱਚ ਫ਼ਰਾਰ ਮੁਲਜ਼ਮ ਮੁੱਠਭੇੜ ਤੋਂ...

Amritsar Police ਦੀ ਵੱਡੀ ਸਫਲਤਾ, ਕਤਲ ਕੇਸ ਵਿੱਚ ਫ਼ਰਾਰ ਮੁਲਜ਼ਮ ਮੁੱਠਭੇੜ ਤੋਂ ਬਾਅਦ ਕਾਬੂ; 4 ਕਾਰਤੂਸ ਵੀ ਹੋਏ ਬਰਾਮਦ

16
0

ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫ਼ਲਤਾ ਮਿਲੀ

ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਸਫ਼ਲਤਾ ਮਿਲੀ ਜਦੋਂ ਕਤਲ ਦੇ ਇੱਕ ਮਾਮਲੇ ਵਿੱਚ ਲੰਬੇ ਸਮੇਂ ਤੋਂ ਫ਼ਰਾਰ ਚੱਲ ਰਹੇ ਮੁਲਜ਼ਮ ਬਲਜਿੰਦਰ ਸਿੰਘ ਉਰਫ਼ ਬੌਬੀ ਨੂੰ ਪੁਲਿਸ ਨੇ ਇੱਕ ਮੁਕਾਬਲੇ ਦੌਰਾਨ ਗ੍ਰਿਫ਼ਤਾਰ ਕਰ ਲਿਆ। ਇਹ ਕਾਰਵਾਈ ਥਾਣਾ ਚਾਟੀਵਿੰਡ ਦੇ ਅਧੀਨ ਪੈਂਦੇ ਇਲਾਕੇ ਵਿੱਚ ਗੁਪਤ ਸੂਚਨਾ ਦੇ ਅਧਾਰ ‘ਤੇ ਕੀਤੀ ਗਈ ਹੈ।

ਗੁਪਤ ਸੂਚਨਾ ਤੋਂ ਬਾਅਦ ਪੁਲਿਸ ਨੇ ਵਿਛਾਇਆ ਜਾਲ

ਪੁਲਿਸ ਨੂੰ ਪੁਖ਼ਤਾ ਜਾਣਕਾਰੀ ਮਿਲੀ ਸੀ ਕਿ ਤਰਨਤਾਰਨ ਦਾ ਰਹਿਣ ਵਾਲਾ ਬਲਜਿੰਦਰ ਸਿੰਘ ਉਰਫ਼ ਬੌਬੀ, ਜਿਸ ਵਿਰੁੱਧ ਮਾਰਚ 2025 ਵਿੱਚ ਕਤਲ ਦਾ ਸੰਗੀਨ ਮਾਮਲਾ ਦਰਜ ਹੋਇਆ ਸੀ, ਚਾਟੀਵਿੰਡ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਦੇਖਿਆ ਗਿਆ ਹੈ। ਸੂਚਨਾ ਮਿਲਦਿਆਂ ਹੀ ਡੀ.ਐਸ.ਪੀ ਅਟਾਰੀ ਦੀ ਅਗਵਾਈ ਹੇਠ ਪੁਲਿਸ ਦੀਆਂ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਅਤੇ ਇਲਾਕੇ ਵਿੱਚ ਸਖ਼ਤ ਨਾਕਾਬੰਦੀ ਕਰ ਦਿੱਤੀ ਗਈ।

ਇਲਾਜ ਲਈ ਹਸਪਤਾਲ ਦਾਖ਼ਲ

ਨਾਕੇਬੰਦੀ ਦੌਰਾਨ ਜਦੋਂ ਪੁਲਿਸ ਟੀਮ ਨੇ ਸ਼ੱਕੀ ਮੁਲਜ਼ਮ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਆਤਮ-ਸਮਰਪਣ ਕਰਨ ਦੀ ਬਜਾਏ ਪੁਲਿਸ ਪਾਰਟੀ ‘ਤੇ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਨੇ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ, ਜਿਸ ਦੌਰਾਨ ਇੱਕ ਗੋਲੀ ਮੁਲਜ਼ਮ ਦੇ ਪੈਰ ਵਿੱਚ ਜਾ ਲੱਗੀ। ਗੋਲੀ ਲੱਗਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਤੁਰੰਤ ਕਾਬੂ ਕਰ ਲਿਆ। ਜ਼ਖ਼ਮੀ ਹਾਲਤ ਵਿੱਚ ਬਲਜਿੰਦਰ ਬੌਬੀ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਘਟਨਾ ਸਥਾਨ ਤੋਂ ਕਾਰਤੂਸ ਬਰਾਮਦ

ਇਸ ਮੁਕਾਬਲੇ ਬਾਰੇ ਵੇਰਵੇ ਸਾਂਝੇ ਕਰਦਿਆਂ ਡੀ.ਆਈ.ਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਵਿਰੁੱਧ ਪਹਿਲਾਂ ਹੀ ਕੁੱਲ ਚਾਰ ਐਫ.ਆਈ.ਆਰ ਦਰਜ ਹਨ। ਇਹਨਾਂ ਵਿੱਚੋਂ ਇੱਕ ਕਤਲ ਦਾ ਮਾਮਲਾ ਹੈ ਅਤੇ ਤਿੰਨ ਮਾਮਲੇ ਐਨ.ਡੀ.ਪੀ.ਐਸ (NDPS) ਐਕਟ ਅਧੀਨ ਦਰਜ ਹਨ। ਮੁਕਾਬਲੇ ਵਾਲੀ ਥਾਂ ਤੋਂ ਪੁਲਿਸ ਨੇ ਚਾਰ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ।
ਡੀ.ਆਈ.ਜੀ ਸੰਦੀਪ ਗੋਇਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੁਲਿਸ ਇਸ ਗੱਲ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਦੇ ਸਬੰਧ ਕਿਸੇ ਗੈਂਗਸਟਰ ਨੈੱਟਵਰਕ ਜਾਂ ਅਪਰਾਧਿਕ ਗਿਰੋਹ ਨਾਲ ਤਾਂ ਨਹੀਂ ਹਨ। ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

LEAVE A REPLY

Please enter your comment!
Please enter your name here