ਘਟਨਾ ਦੀ ਅੱਖੋਂ ਦੇਖੀ ਗਵਾਹ ਅਨੂ ਬਾਲਾ ਨੇ ਦੱਸਿਆ ਕਿ ਉਹ ਕੰਪਨੀ ‘ਚ ਬੈਠੀ ਸੀ
ਅੰਮ੍ਰਿਤਸਰ ਦੇ ਅਧਿਨ ਆਉਂਦੇ ਜੰਡਿਆਲਾ ਗੁਰੂ ਦੇ ਗੌਸ਼ਾਲਾ ਰੋਡ ਤੋਂ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ ਮੋਬਾਈਲ ਰਿਪੇਅਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਧਾਧੁੰਦ ਫਾਇਰਿੰਗ ਕੀਤੀ ਗਈ। ਇਸ ਗੋਲੀਬਾਰੀ ਦੌਰਾਨ ਨਾਲ ਲੱਗਦੇ ਬਿਊਟੀ ਪਾਰਲਰ ਚ ਕੰਮ ਕਰ ਰਹੀ ਇੱਕ ਮਹਿਲਾ ਦੇ ਪੈਰ ‘ਚ ਗੋਲੀ ਲੱਗੀ, ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਘਟਨਾ ਦੀ ਅੱਖੋਂ ਦੇਖੀ ਗਵਾਹ ਅਨੂ ਬਾਲਾ ਨੇ ਦੱਸਿਆ ਕਿ ਉਹ ਕੰਪਨੀ ‘ਚ ਬੈਠੀ ਸੀ, ਜਦੋਂ ਅਚਾਨਕ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਬਾਹਰ ਆ ਕੇ ਉਸ ਨੇ ਵੇਖਿਆ ਕਿ ਇੱਕ ਮਹਿਲਾ ਖੂਨ ਨਾਲ ਲਥਪਥ ਪਈ ਸੀ। ਉਸ ਮੁਤਾਬਕ ਲਗਭਗ 4 ਤੋਂ 5 ਫਾਇਰ ਕੀਤੇ ਗਏ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।
ਜ਼ਖ਼ਮੀ ਮਹਿਲਾ ਦੇ ਪਤੀ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਸ ਦੀ ਮੋਬਾਈਲ ਰਿਪੇਅਰ ਦੀ ਦੁਕਾਨ ਹੈ ਤੇ ਉਹ ਘਟਨਾ ਵੇਲੇ ਸਲੂਨ ‘ਚ ਮੌਜੂਦ ਸਨ। ਉਨ੍ਹਾਂ ਮੁਤਾਬਕ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਸਨ, ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ। ਪਰਿਵਾਰ ਨੇ ਫਿਲਹਾਲ ਕਿਸੇ ਤਰ੍ਹਾਂ ਦੀ ਧਮਕੀ ਜਾਂ ਪੈਸਿਆਂ ਦੀ ਮੰਗ ਤੋਂ ਇਨਕਾਰ ਕੀਤਾ ਹੈ।
ਉੱਧਰ ਡੀਐਸਪੀ ਰਵਿੰਦਰ ਪਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੋਲੀ ਸ਼ਟਰ ਬੰਦ ਹੋਣ ਦੇ ਬਾਵਜੂਦ ਚਲਾਈ ਗਈ, ਜੋ ਲੇਡੀ ਦੇ ਪੈਰ ਨੂੰ ਲੱਗ ਕੇ ਪਾਰ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਚੁੱਕੀ ਹੈ ਤੇ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਫਿਲਹਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕ ਸੁਰੱਖਿਆ ਪ੍ਰਬੰਧਾਂ ਤੇ ਸਵਾਲ ਉਠਾ ਰਹੇ ਹਨ।