ਇਸ ਮੀਟਿੰਗ ਦੌਰਾਨ ਸੂਬੇ ਨਾਲ ਜੁੜੇ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਣ ਦੇ ਨਾਲ-ਨਾਲ ਕਈ ਮਹੱਤਵਪੂਰਨ ਫੈਸਲਿਆਂ ‘ਤੇ ਮੋਹਰ ਲੱਗ ਸਕਦੀ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਵੇਂ ਸਾਲ ਦੀ ਪਹਿਲੀ ਕੈਬਨਿਟ ਮੀਟਿੰਗ ਸੱਦੀ ਹੈ। ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ, ਯਾਨੀ ਕਿ ਅੱਜ ਕੈਬਨਿਟ ਦੀ ਇੱਕ ਮਹੱਤਵਪੂਰਨ ਮੀਟਿੰਗ ਬੁਲਾਈ ਗਈ ਹੈ। ਇਸ ਮੀਟਿੰਗ ਦੀ ਅਗਵਾਈ ਸੀਐਮ ਮਾਨ ਕਰਨਗੇ, ਜਿਸ ‘ਚ ਕੈਬਨਿਟ ਦੇ ਸਾਰੇ ਮੰਤਰੀ ਸ਼ਾਮਲ ਹੋਣਗੇ। ਇਹ ਮੀਟਿੰਗ ਦੁਪਹਿਰ 4 ਵਜੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਰਿਹਾਇਸ਼ ‘ਤੇ ਹੋਵੇਗੀ।
ਇਸ ਮੀਟਿੰਗ ਦੌਰਾਨ ਸੂਬੇ ਨਾਲ ਜੁੜੇ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋਣ ਦੇ ਨਾਲ-ਨਾਲ ਕਈ ਮਹੱਤਵਪੂਰਨ ਫੈਸਲਿਆਂ ‘ਤੇ ਮੋਹਰ ਲੱਗ ਸਕਦੀ ਹੈ। ਇਸ ਬੈਠਕ ‘ਚ ਲੋਕਾ ਨਾਲ ਜੁੜੇ ਮੁੱਦੇ, ਵੱਖ-ਵੱਖ ਪ੍ਰਸਤਾਵਾਂ ‘ਤੇ ਵਿਚਾਰ-ਵਟਾਂਦਰਾ ਹੋ ਸਕਦਾ ਹੈ। ਹਾਲਾਂਕਿ, ਅਜੇ ਤੱਕ ਮੀਟਿੰਗ ਦਾ ਏਜੰਡਾ ਜਾਰੀ ਨਹੀਂ ਕੀਤਾ ਗਿਆ ਹੈ।
ਦੋ ਮੰਤਰੀਆਂ ਦੇ ਵਿਭਾਗ ‘ਚ ਫੇਰਬਦਲ
ਦੱਸ ਦੇਈਏ ਕਿ ਬੀਤੇ ਦਿਨ ਪੰਜਾਬ ਕੈਬਨਿਟ ‘ਚ ਵੱਡਾ ਫੇਰਬਦਲ ਕੀਤਾ ਗਿਆ ਸੀ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਲੋਕਲ ਬਾਡੀ ਵਿਭਾਗ ਦਿੱਤਾ ਗਿਆ ਹੈ, ਜਦਕਿ ਡਾ. ਰਵਜੋਤ ਸਿੰਘ ਨੂੰ ਐਨਆਰਆਈ ਵਿਭਾਗ ਦੀ ਜਿੰਮੇਦਾਰੀ ਸੌਂਪੀ ਗਈ ਹੈ। ਇਹ ਵੀ ਕਹਿ ਸਕਦੇ ਹਾਂ ਕਿ ਦੋਵਾਂ ਮੰਤਰੀਆਂ ਦੇ ਵਿਭਾਗਾਂ ਦਾ ਇੰਟਰਚੇਂਜ ਕਰ ਦਿੱਤਾ ਗਿਆ ਹੈ। ਯਾਨੀ ਕਿ ਡਾ. ਰਵਜੋਤ ਕੋਲੋਂ ਲੋਕਲ ਬਾਡੀ ਵਿਭਾਗ ਲੈ ਕੇ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਹੈ, ਜਦਕਿ ਸੰਜੀਵ ਅਰੋੜਾ ਕੋਲੋ ਐਨਆਰਆਈ ਵਿਭਾਗ ਲੈ ਕੇ ਉਨ੍ਹਾਂ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਦਿੱਤਾ ਗਿਆ ਹੈ।
ਸੂਤਰਾਂ ਦੀ ਮੰਨੀਏ ਤਾਂ ਚੋਣ ਸਾਲ ਹੋਣ ਕਰਕੇ ਪੰਜਾਬ ਸਰਕਾਰ ਸੋਚ ਸਮਝ ਕੇ ਵੱਡੇ ਫੈਸਲੇ ਲੈ ਰਹੀ ਹੈ। ਸੰਜੀਵ ਅਰੋੜਾ ਨੂੰ ਲੋਕਲ ਬਾਡੀ ਵਿਭਾਗ ਦੇਣ ਦੇ ਪਿੱਛੇ ਵਜ੍ਹਾ ਇਹ ਵੀ ਮੰਨੀ ਜਾ ਰਹੀ ਹੈ ਕਿ ਉਨ੍ਹਾਂ ਦਾ ਕੱਦ ਹੋਰ ਵੱਡਾ ਹੋ ਗਿਆ ਹੈ। ਦੂਜਾ ਮਾਰਚ-ਅਪ੍ਰੈਲ ‘ਚ ਲੋਕਲ ਬਾਡੀ ਯਾਨੀ ਨਗਰ ਕੌਂਸਲਾਂ ਦੀਆਂ ਚੋਣਾਂ ਹੋਣੀਆਂ ਹਨ। ਅਜਿਹੇ ‘ਚ ਸੰਜੀਵ ਅਰੋੜਾ ਨੂੰ ਇਹ ਵਿਭਾਗ ਦੇਣਾ ਕਾਫੀ ਸੋਚੀ-ਸਮਝੀ ਰਣਨੀਤੀ ਹੋ ਸਕਦੀ ਹੈ। ਸੰਜੀਵ ਅਰੋੜਾ ਕੋਲ ਪਹਿਲਾਂ ਹੀ ਪਾਵਰ ਤੇ ਇੰਡਸਟਰੀ ਵਿਭਾਗ ਹਨ।