ਪੰਜਾਬ ‘ਚ ਨਸ਼ੇ ਨੂੰ ਠੱਲ ਪਾਉਣ ਦਾ ਮੁੱਦਾ ਹਰ ਸਰਕਾਰ ਦੀ ਸਭ ਵੱਡੀ ਪਹਿਲੀ ਚੁਣੌਤੀ ਰਹਿੰਦੀ ਹੈ।
ਸਾਲ 2025 ਦੇ ਖ਼ਤਮ ਹੋਣ ਨੂੰ ਹੁਣ ਕੁੱਝ ਹੀ ਦਿਨ ਬਾਕੀ ਹਨ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਇਸ ਸਾਲ ਦੌਰਾਨ ਸੂਬੇ ‘ਚ ਅਮਨ-ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੀਤੇ ਗਏ ਯਤਨਾਂ ਦਾ ਇੱਕ ਤਰ੍ਹਾਂ ਦਾ ਰਿਪੋਰਟ ਕਾਰਡ ਜਾਰੀ ਕੀਤਾ ਗਿਆ ਹੈ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਸੂਬਾ ਪੁਲਿਸ ਦੀਆਂ ਉਪਲੱਬਧੀਆਂ ਦਾ ਜ਼ਿਕਰ ਕੀਤਾ ਹੈ।
ਯੁੱਧ ਨਸ਼ਿਆਂ ਵਿਰੁੱਧ ਤਹਿਤ 40,000 ਗ੍ਰਿਫ਼ਤਾਰੀਆਂ
ਪੰਜਾਬ ‘ਚ ਨਸ਼ੇ ਨੂੰ ਠੱਲ ਪਾਉਣ ਦਾ ਮੁੱਦਾ ਹਰ ਸਰਕਾਰ ਦੀ ਸਭ ਵੱਡੀ ਪਹਿਲੀ ਚੁਣੌਤੀ ਰਹਿੰਦੀ ਹੈ। ਪੰਜਾਬ ਸਰਕਾਰ ਵੱਲੋਂ ਇਸ ਨੂੰ ਲੈ ਕੇ ‘ਯੁੱਧ ਨਸ਼ਿਆਂ ਵਿਰੁੱਧ‘ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਡੀਜੀਪੀ, ਗੌਰਵ ਯਾਦਵ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਰੀਬ 30,000 ਐਫਆਈਆਰ ਦਰਜ ਕੀਤੀਆਂ ਗਈਆਂ ਤੇ ਇਸ ਤਹਿਤ ਕਰੀਬ 40,000 ਗ੍ਰਿਫ਼ਤਾਰੀਆਂ ਹੋਈਆਂ। ਇਸ ਦੇ ਨਾਲ ਇਸ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਲੋਂ 2,000 ਕਿਲੋ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਗਈ। ਡੀਜੀਪੀ ਨੇ ਦੱਸਿਆ ਕਿ ਪੂਰੇ ਭਾਰਤ ਦੀ ਦੋ ਤਿਹਾਈ ਹੈਰੋਇਨ ਪੰਜਾਬ ‘ਚ ਹੀ ਜ਼ਬਤ ਹੋਈ ਹੈ।
ਇਸ ਦੇ ਨਾਲ ਹੀ ਡੀਪੀਪੀ ਗੌਰਵ ਯਾਦਵ ਨੇ ਦੱਸਿਆ ਕਿ ਨਾਰਕੋਟਿਕ ਡਰੱਗਸ ਤੇ ਸਾਈਕੋਟਰੋਪਿਕ ਸਬਸਟਾਂਸਸ ਐਕਟ (ਐਨਡੀਪੀਐਸ) ਤਹਿਤ ਪੰਜਾਬ ‘ਚ ਸਜ਼ਾ ਦਰ 88 ਫ਼ੀਸਦੀ ਰਿਹਾ, ਜੋ ਕਿ ਪੂਰੇ ਭਾਰਤ ‘ਚ ਸਭ ਤੋਂ ਵੱਧ ਹੈ।
ਕ੍ਰਾਈਮ ਮਾਡਿਊਲਸ ਦਾ ਭੰਡਾਫੋੜ
ਸੇਫ ਪੰਜਾਬ (ਸੁਰੱਖਿਅਤ ਪੰਜਾਬ) ਹੈਲਪਲਾਈਨ ਤਹਿਤ 10,000 ਤੋਂ ਵੱਧ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਡੀਜੀਪੀ ਨੇ ਕਿਹਾ ਕਿ ਇਹ ਪੰਜਾਬ ਪੁਲਿਸ ਲਈ ਇੱਕ ਵੱਡੀ ਉਪਲੱਬਧੀ ਹੈ। ਇਸ ਦੇ ਨਾਲ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ 416 ਕ੍ਰਾਈਮ ਮਾਡਿਊਲ ਦਾ ਭੰਡਾਫੋੜ ਕੀਤਾ ਹੈ। ਸਾਲ 2025 ‘ਚ ਪੰਜਾਬ ਪੁਲਿਸ ਨੇ 992 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ।
ਹਰ ਤਰ੍ਹਾਂ ਦੇ ਕ੍ਰਾਈਮ ‘ਚ ਗਿਰਾਵਟ
ਡੀਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਚੌਕਸੀ ਕਾਰਨ ਹਰ ਤਰ੍ਹਾਂ ਦੇ ਕ੍ਰਾਈਮ ‘ਚ ਗਿਰਾਵਟ ਆਈ ਹੈ। ਉਨ੍ਹਾਂ ਨੇ ਕਿਹਾ ਕਿ ਕਤਲ ਦੀਆਂ ਵਾਰਦਾਤਾਂ ‘ਚ 8.6 ਫ਼ੀਸਦੀ, ਕਿਡਨੈਪਿੰਗ ‘ਚ 10.6 ਫ਼ੀਸਦੀ, ਸਨੈਚਿੰਗ ‘ਚ 19 ਫ਼ੀਸਦੀ ਤੇ ਚੋਰੀ ਦੀਆਂ ਵਾਰਦਾਤਾਂ ‘ਚ 34 ਫ਼ੀਸਦੀ ਗਿਰਾਵਟ ਆਈ ਹੈ। ਉਨ੍ਹਾਂ ਨੇ ਦੱਸਿਆ ਕਿ ਸਾਈਬਰ ਧੋਖਾਧੜੀ ਤਹਿਤ ਪੰਜਾਬ ‘ਚ 80 ਕਰੋੜ ਰੁਪਏ ਦੀ ਲੀਅਨ ਰਾਸ਼ੀ ਹੈ। ਇਹ ਪੂਰੇ ਦੇਸ਼ ਦਾ 19 ਫ਼ੀਸਦੀ ਹੈ ਤੇ ਪੰਜਾਬ ਇਸ ‘ਚ ਪੂਰੇ ਭਾਰਤ ‘ਚੋਂ ਚੌਥੇ ਨੰਬਰ ‘ਤੇ ਹੈ।
ਅੱਤਵਾਦੀਆਂ ਸੰਗਠਨਾਂ ਦਾ ਸਾਹਮਣਾ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪੰਜਾਬ ਪੁਲਿਸ ਨੇ ਸੂਬੇ ‘ਚ ਅਮਨ ਸ਼ਾਂਤੀ ਬਣਾਈ ਰੱਖੀ। ਇਸ ਦੌਰਾਨ ਪੰਜਾਬ ‘ਚ ਆਈਐਸਆਈ ਦੀਆਂ ਗਤੀਵਿਧੀਆਂ ਦਾ ਭੰਡਾਫੋੜ ਕੀਤਾ। ਇਸ ਦੌਰਾਨ ਕਈ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਵੀ ਕੀਤਾ ਗਿਆ। ਇਸ ਪੂਰੇ ਸਾਲ ‘ਚ 19 ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ। ਇਸ ਤਹਿਤ 131 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਈ। ਇਸ ਦੌਰਾਨ 9 ਰਾਈਫਲਾਂ, 188 ਰਿਵਾਲਵਰ, 12 ਆਈਈਡੀ, 11.62 ਕਿਲੋਗ੍ਰਾਮ ਆਰਡੀਐਕਸ, 54 ਹੈਂਡ ਗ੍ਰਨੇਡ, 32 ਡੈਟੋਨੇਟਰ, 4 ਰੋਕਟ ਪ੍ਰੋਪੇਲਡ ਗ੍ਰਨੇਡਸ, 2 ਟਾਈਮਰ ਸਵਿੱਚ, 3 ਵਾਕੀ-ਟਾਕੀ ਤੇ 8 ਰਿਮੋਟ ਕੋਂਟਲਰ ਡਿਵਾਇਸ ਰਿਕਵਰ ਕੀਤੀਆਂ ਗਈਆਂ।