ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਦੌਰੇ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਚਕੁਲਾ, ਹਰਿਆਣਾ ਆ ਰਹੇ ਹਨ। ਉਹ ਕਈ ਧਾਰਮਿਕ, ਸਮਾਜਿਕ, ਰਾਜਨੀਤਿਕ ਤੇ ਪ੍ਰਸ਼ਾਸਨਿਕ ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ। ਇਸ ਦੌਰੇ ਦੌਰਾਨ ਪੰਚਕੂਲਾ ਤੇ ਚੰਡੀਗੜ੍ਹ ‘ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਹ ਦੌਰਾ ਸਾਹਿਬਜ਼ਾਦਿਆਂ ਤੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸਮਰਪਿਤ ਹੋਵੇਗਾ। ਇਸ ਦੌਰੇ ਨੂੰ ਲੈ ਕੇ ਚੰਡੀਗੜ੍ਹ ਤੇ ਪੰਚਕੁਲਾ ‘ਚ ਟ੍ਰੈਫ਼ਿਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ।
ਸਾਹਿਬਜ਼ਾਦਿਆਂ ਨੂੰ ਨਮਨ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੇ ਦੌਰੇ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਉਹ ਹਰਿਆਣਾ ਸਰਕਾਰ ਦੇ ‘ਵੀਰ ਬਾਲ ਦਿਵਸ‘ ਪ੍ਰੋਗਰਾਮ ‘ਚ ਸਾਹਿਬਜ਼ਾਦਿਆਂ ਨੂੰ ਨਮਨ ਕਰਨਗੇ। ਉਨ੍ਹਾਂ ਨੇ ਐਕਸ ‘ਤੇ ਪੋਸਟ ਕਰਦੇ ਹੋਏ ਲਿਖਿਆ, ‘ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਬਹਾਦਰੀ ਦੀ ਗਾਥਾ ਹਰੇਕ ਭਾਰਤੀ ਲਈ ਆਪਣੀ ਮਾਤ ਭੂਮੀ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਕਰਨ ਦੀ ਪ੍ਰੇਰਨਾ ਹੈ, ਜਿਸ ਨੂੰ ਮੋਦੀ ਸਰਕਾਰ “ਵੀਰ ਬਾਲ ਦਿਵਸ” ਰਾਹੀਂ ਜਨਤਾ ਤੱਕ ਪਹੁੰਚਾ ਰਹੀ ਹੈ। ਕੱਲ੍ਹ, ਮੈਂ ਪੰਚਕੁਲਾ ‘ਚ ਹਰਿਆਣਾ ਸਰਕਾਰ ਦੇ “ਵੀਰ ਬਾਲ ਦਿਵਸ” ਸਮਾਰੋਹਾਂ ‘ਚ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦਿਆਂ, ਜੋ ਕਿ ਬਹਾਦਰੀ ਅਤੇ ਹਿੰਮਤ ਦੇ ਪ੍ਰਤੀਕ ਹਨ, ਨੂੰ ਸ਼ਰਧਾਂਜਲੀ ਭੇਟ ਕਰਾਂਗਾ। ਮੈਂ ਹਰਿਆਣਾ ਪੁਲਿਸ ਦੀ ਪਾਸਿੰਗ ਆਊਟ ਪਰੇਡ ‘ਚ ਪੁਲਿਸ ਕਰਮਚਾਰੀਆਂ ਨਾਲ ਵੀ ਗੱਲਬਾਤ ਕਰਾਂਗਾ।‘
ਅਟਲ ਬਿਹਾਰੀ ਵਾਜਪਾਈ ਦੀ ਪ੍ਰਤਿਮਾ ਦਾ ਉਦਘਾਟਨ
ਮੰਤਰੀ ਅਮਿਤ ਸ਼ਾਹ ਪੰਚਕੁਲਾ ‘ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਪ੍ਰਤਿਮਾ ਦਾ ਉਦਘਾਟਨ ਵੀ ਕਰਨਗੇ। ਇਸ ਤੋਂ ਇਲਾਵਾ ਉਹ ਪ੍ਰਸ਼ਾਸਨਿਕ ਪ੍ਰੋਗਰਾਮ ‘ਚ ਵੀ ਸ਼ਿਰਕਤ ਕਰਨਗੇ। ਉਹ ਹਰਿਆਣਾ ਪੁਲਿਸ ਪਾਸਿੰਗ ਆਊਟ ਪਰੇਡ ਦੀ ਸਲਾਮੀ ਲੈਣਗੇ ਤੇ ਜਵਾਨਾਂ ਨੂੰ ਸੰਬੋਧਿਤ ਕਰਨਗੇ। ਇਸ ਦੌਰਾਨ ਉਹ ਜਵਾਨਾਂ ਨਾਲ ਸਿੱਧੀ ਗੱਲਬਾਤ ਵੀ ਕਰ ਸਕਦੇ ਹਨ।
ਟ੍ਰੈਫ਼ਿਕ ਐਡਵਾਈਜ਼ਰੀ ਜਾਰੀ
ਇਸ ਦੌਰੇ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਵੱਲੋਂ ਟ੍ਰੈਫਿਕ ਐਡਵਾਈਜ਼ਰੀ ਜ਼ਾਰੀ ਕਰ ਦਿੱਤੀ ਗਈ ਹੈ। ਚੰਡੀਗੜ੍ਹ ਪੁਲਿਸ ਨੇ ਅਪੀਲ ਕੀਤੀ ਹੈ ਕਿ ਲੋਕ ਘਰ ‘ਚੋਂ ਨਿਕਲਣ ਤੋਂ ਪਹਿਲਾਂ ਪੁਲਿਸ ਵੱਲੋਂ ਜ਼ਾਰੀ ਕੀਤੀ ਟ੍ਰੈਫ਼ਿਕ ਐਡਵਾਈਜ਼ਰੀ ਨੂੰ ਦੇਖ ਕੇ ਆਪਣੀ ਯਾਤਰਾ ਪਲਾਨ ਕਰਨ। ਯਾਤਰਾ ਤੋਂ ਪਹਿਲਾਂ ਰਿਅਲ ਟਾਈਮ ਟ੍ਰੈਫ਼ਿਕ ਅਪਡੇਟਸ ਪੁਲਿਸ ਦੀ ਅਧਿਕਾਰਤ ਸੋਸ਼ਲ ਮੀਡੀਆ ਹੈਂਡਲਸ ‘ਤੇ ਚੈੱਕ ਕਰ ਲੈਣ। ਪੁਲਿਸ ਨੇ ਕਿਹਾ ਹੈ ਕਿ ਸਥਿਤੀ ਅਨੁਸਾਰ ਟ੍ਰੈਫ਼ਿਕ ‘ਚ ਬਦਲਾਅ ਕੀਤਾ ਜਾ ਸਕਦਾ ਹੈ।