Home latest News ਪੰਥਕ ਬਣ ਕੇ ਸੱਤਾ ‘ਚ ਰਹੇ, ਤੁਸੀਂ ਪੰਜਾਬ ਤੇ ਪੰਥ ਲਈ ਕੀ...

ਪੰਥਕ ਬਣ ਕੇ ਸੱਤਾ ‘ਚ ਰਹੇ, ਤੁਸੀਂ ਪੰਜਾਬ ਤੇ ਪੰਥ ਲਈ ਕੀ ਕੀਤਾ? Sukhbir ‘ਤੇ Amritpal Singh’ਦੀ ਮਾਤਾ ਬਲਵਿੰਦਰ ਕੌਰ ਦਾ ਪਲਟਵਾਰ

12
0

ਬਲਵਿੰਦਰ ਕੌਰ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਅੰਮ੍ਰਿਤਪਾਲ ਸਿੰਘ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਕਰਨਾ ਠੀਕ ਨਹੀਂ ਹੈ।

ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕੀਤੀਆਂ ਟਿੱਪਣੀਆਂ ਤੋਂ ਬਾਅਦ ਹੁਣ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਤਿੱਖਾ ਪਲਟਵਾਰ ਕੀਤਾ ਹੈ। ਬਲਵਿੰਦਰ ਕੌਰ ਨੇ ਸੁਖਬੀਰ ਬਾਦਲ ਦੇ ਬਿਆਨ ‘ਤੇ ਕਈ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਲੰਬੇ ਸਮੇਂ ਤੱਕ ਆਪਣੇ ਆਪ ਨੂੰ ਪੰਥਕ ਆਗੂ ਵਜੋਂ ਪੇਸ਼ ਕੀਤਾ, ਉਨ੍ਹਾਂ ਨੂੰ ਪਹਿਲਾਂ ਆਪਣੇ ਰਾਜਕਾਲ ਦਾ ਹਿਸਾਬ ਸੰਗਤ ਨੂੰ ਦੇਣਾ ਚਾਹੀਦਾ ਹੈ।
ਬਲਵਿੰਦਰ ਕੌਰ ਨੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਅੰਮ੍ਰਿਤਪਾਲ ਸਿੰਘ ਬਾਰੇ ਇਸ ਤਰ੍ਹਾਂ ਦੀ ਟਿੱਪਣੀ ਕਰਨਾ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਰੀਬ 25 ਸਾਲ ਤੱਕ ਪੰਥਕ ਬਣ ਕੇ ਸੱਤਾ ‘ਚ ਰਹਿਣ ਵਾਲਿਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਰਾਜ ਦੌਰਾਨ ਪੰਜਾਬ ਤੇ ਪੰਥ ਲਈ ਕੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਸੰਗਤ ਸਭ ਕੁਝ ਦੇਖ ਰਹੀ ਹੈ ਤੇ ਲੋਕਾਂ ਨੂੰ ਪਤਾ ਹੈ ਕਿ ਕਿਸ ਨੇ ਕੀ ਕੀਤਾ ਹੈ।
ਗੁਰੂ ਗ੍ਰੰਥ ਸਾਹਿਬ ਜੀ ਨਾਲ ਸਬੰਧਤ ਮਾਮਲਿਆਂ ਦਾ ਜ਼ਿਕਰ ਕਰਦਿਆਂ ਬਲਵਿੰਦਰ ਕੌਰ ਨੇ ਕਿਹਾ ਕਿ ਜੇਕਰ ਅੱਜ ਗੁਰੂ ਸਾਹਿਬ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਪੁਰਾਣੇ ਮਾਮਲਿਆਂ ਬਾਰੇ ਵੀ ਜਵਾਬ ਦੇਣਾ ਪਵੇਗਾ। ਉਨ੍ਹਾਂ ਬੇਅਦਬੀ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਸਵਾਲ ਕੀਤਾ ਕਿ ਪਿਛਲੇ ਰਾਜ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕਿੰਨੀਆਂ ਬੇਅਦਬੀਆਂ ਹੋਈਆਂ ਤੇ 328 ਸਰੂਪਾਂ ਬਾਰੇ ਅਜੇ ਤੱਕ ਸਪੱਸ਼ਟਤਾ ਕਿਉਂ ਨਹੀਂ ਆਈ। ਉਨ੍ਹਾਂ ਕਿਹਾ ਕਿ ਅਜਿਹੇ ਸਵਾਲਾਂ ਦੇ ਜਵਾਬ ਦੇਣ ਤੋਂ ਬਾਅਦ ਹੀ ਕੋਈ ਆਪਣੇ ਆਪ ਨੂੰ ਪੰਥਕ ਕਹਿਣ ਦਾ ਹੱਕਦਾਰ ਹੈ।
ਨਸ਼ਿਆਂ ਦੇ ਮੁੱਦੇ ਤੇ ਵੀ ਬਲਵਿੰਦਰ ਕੌਰ ਨੇ ਕਿਹਾ ਕਿ ਜਿਹੜੇ ਲੋਕ ਨਸ਼ਾ ਛੱਡ ਕੇ ਆਪਣੀ ਜ਼ਿੰਦਗੀ ਬਦਲ ਚੁੱਕੇ ਹਨ, ਉਨ੍ਹਾਂ ਨੂੰ ਸੰਗਤ ਦੇ ਸਾਹਮਣੇ ਲਿਆ ਕੇ ਗੱਲ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਦੀ ਕਿਰਪਾ ਨਾਲ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ‘ਚ ਬਦਲਾਅ ਆ ਸਕਦਾ ਹੈ। ਉਨ੍ਹਾਂ ਅਨੁਸਾਰ ਜੇਕਰ ਕੋਈ ਵਿਅਕਤੀ ਆਪਣਾ ਜੀਵਨ ਬਦਲ ਕੇ ਗੁਰੂ ਨਾਲ ਜੁੜਦਾ ਹੈ ਤਾਂ ਇਸ ਨੂੰ ਵੀ ਗੁਰੂ ਦੀ ਮਿਹਰ ਵਜੋਂ ਦੇਖਿਆ ਜਾਣਾ ਚਾਹੀਦਾ ਹੈ।
ਬਲਵਿੰਦਰ ਕੌਰ ਨੇ ਕਿਹਾ ਕਿ ਸੰਗਤ ਨੇ 2022 ‘ਚ ਵੀ ਆਪਣਾ ਫੈਸਲਾ ਸੁਣਾਇਆ ਸੀ ਤੇ 2027 ‘ਚ ਵੀ ਲੋਕ ਆਪਣਾ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਵੱਡੇ-ਵੱਡੇ ਪੰਥਕ ਅਖਵਾਉਣ ਵਾਲੇ ਆਗੂਆਂ ਨੂੰ ਵੀ ਸੰਗਤ ਤੇ ਪੰਥ ਚੰਗੀ ਤਰ੍ਹਾਂ ਜਾਣਦਾ ਹੈ। ਉਨ੍ਹਾਂ ਦੇ ਇਸ ਬਿਆਨ ਨਾਲ ਪੰਜਾਬ ਦੀ ਸਿਆਸਤ ‘ਚ ਪੰਥਕ ਮੁੱਦਿਆਂ ਨੂੰ ਲੈ ਕੇ ਚੱਲ ਰਹੀ ਚਰਚਾ ਹੋਰ ਤੇਜ਼ ਹੋ ਗਈ ਹੈ।
ਦੱਸਣਯੋਗ ਹੈ ਕਿ ਰੱਖੜ ਪੁੰਨਿਆ ਦੇ ਮੌਕੇ ਤੇ ਬਾਬਾ ਬਕਾਲਾ ਸਾਹਿਬ ਵਿਖੇ ਵਾਰਿਸ ਪੰਜਾਬ ਦੇ ਵੱਲੋਂ ਸਿਆਸੀ ਕਾਨਫਰੰਸ ਕੀਤੀ ਜਾਣੀ ਹੈ। ਇਸ ਕਾਨਫਰੰਸ ‘ਚ ਵੱਡੀ ਗਿਣਤੀ ‘ਚ ਸੰਗਤ ਤੇ ਸਮਰਥਕਾਂ ਦੇ ਪਹੁੰਚਣ ਦੀ ਉਮੀਦ ਹੈ। ਇਸ ਦੌਰਾਨ ਅੰਮ੍ਰਿਤਪਾਲ ਸਿੰਘ ਨਾਲ ਜੁੜੇ ਸਿਆਸੀ ਮੁੱਦਿਆਂ ਤੇ ਪੰਜਾਬ ਦੇ ਪੰਥਕ ਮਾਮਲਿਆਂ ਨੂੰ ਲੈ ਕੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here