Home Desh ਸੰਸਦ ਮੈਂਬਰ Dharamvira Gandhi ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ, ਧਾਰਮਿਕ ਭਾਵਨਾਵਾਂ ਆਹਤ ਕਰਨ...

ਸੰਸਦ ਮੈਂਬਰ Dharamvira Gandhi ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ, ਧਾਰਮਿਕ ਭਾਵਨਾਵਾਂ ਆਹਤ ਕਰਨ ਦਾ ਇਲਜ਼ਾਮ

8
0

ਦਰਅਸਲ, ਕਾਂਗਰਸ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਇੱਕ ਪੋਸਟ ਸਾਂਝੀ ਕੀਤੀ ਸੀ।

ਸਨਾਤਨ ਸੇਵਾ ਸਮਿਤੀ (ਮਾਲਵਾ ਜ਼ੋਨ) ਵੱਲੋਂ ਪਟਿਆਲਾ ਤੋਂ ਕਾਂਗਰਸ ਦੇ ਲੋਕ ਸਭਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਸੰਗਠਨ ਦੇ ਮਹਾਸਚਿਵ ਵਰੁਣ ਮਹਿਤਾ ਨੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੂੰ ਲਿਖਤੀ ਸ਼ਿਕਾਇਤ ਸੌਂਪਦਿਆਂ ਇਲਜ਼ਾਮ ਲਗਾਇਆ ਕਿ ਸੰਸਦ ਮੈਂਬਰ ਦੇ ਬਿਆਨਾਂ ਨਾਲ ਕਰੋੜਾਂ ਸਨਾਤਨ ਧਰਮ ਪ੍ਰੇਮੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਸਮਿਤੀ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਨਾਲ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਕੀ ਹੈ ਮਾਮਲਾ?

ਦਰਅਸਲ, ਕਾਂਗਰਸ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਇੱਕ ਪੋਸਟ ਸਾਂਝੀ ਕੀਤੀ ਸੀ। ਇਸ ‘ਚ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮਾਂ ਤੇ ਧਾਰਮਿਕ ਯਾਤਰਾਵਾਂ ‘ਤੇ ਸਰਕਾਰੀ ਪੈਸਾ ਖ਼ਰਚ ਕਰਨ ‘ਤੇ ਸਵਾਲ ਚੁੱਕੇ ਸਨ।
ਉਨ੍ਹਾਂ ਨੇ ਆਪਣੀ ਪੋਸਟ ‘ਚ ਕਿਹਾ ਸੀ ਕਿ ਟੈਕਸ ਦਾ ਪੈਸਾ ਲੋਕਾਂ ਨੂੰ ਬਿਹਤਰ ਇਲਾਜ, ਸਿੱਖਿਆ, ਰੋਜ਼ਗਾਰ ਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਖ਼ਰਚ ਹੋਣਾ ਚਾਹੀਦਾ ਹੈ। ਉਨ੍ਹਾਂ ਸਰਕਾਰੀ ਖ਼ਜ਼ਾਨੇ ਦੇ ਪੈਸੇ ਨਾਲ ਧਾਰਮਿਕ ਪ੍ਰੋਗਰਾਮ ਕਰਵਾਉਣ ਤੇ ਵੱਖ-ਵੱਖ ਧਾਰਮਿਕ ਯਾਤਰਾਵਾਂ ਕਰਵਾਉਣ ‘ਤੇ ਇਤਰਾਜ਼ ਜਤਾਇਆ ਸੀ।

ਉਨ੍ਹਾਂ ਆਪਣੀ ਪੋਸਟ ‘ਚ ਧਰਮ ਨੂੰ ਵਿਅਕਤੀ ਦੀ ਨਿੱਜੀ ਆਸਥਾ ਦਾ ਮਾਮਲਾ ਦੱਸਦਿਆਂ ਕਿਹਾ ਸੀ ਕਿ ਸੂਬਾ ਸਰਕਾਰ ਵੱਲੋਂ ਕਿਸੇ ਇੱਕ ਜਾਂ ਦੂਜੇ ਧਰਮ ਨੂੰ ਕਿਸੇ ਵੀ ਤਰ੍ਹਾਂ ਦੀ ਹੱਲਾਸ਼ੇਰੀ ਜਾਂ ਸਰਪ੍ਰਸਤੀ ਦੇਣਾ ਸੰਵਿਧਾਨ ਦੀ ਉਲੰਘਣਾ ਦੇ ਨਾਲ-ਨਾਲ ਭਾਈਚਾਰਿਆਂ ‘ਚ ਵੰਡ ਤੇ ਫਿਰਕਾਪ੍ਰਸਤੀ ਨੂੰ ਵੀ ਹੁਲਾਰਾ ਦੇ ਸਕਦਾ ਹੈ।

ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ: AAP

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਜਨਰਲ ਸਕੱਤਰ ਤੇ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ ਤੇ ਸੈਰ-ਸਪਾਟਾ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ ਨੇ ਵੀ ਡਾ. ਧਰਮਵੀਰ ਗਾਂਧੀ ਦੇ ਬਿਆਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਧਰਮਵੀਰ ਗਾਂਧੀ ਦੀਆਂ ਟਿੱਪਣੀਆਂ ਨਾਲ ਪੰਜਾਬੀਆਂ ਤੇ ਸੂਬੇ ਭਰ ‘ਚ ਰਹਿੰਦੇ ਵੱਖ-ਵੱਖ ਧਰਮਾਂ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਗੰਭੀਰ ਠੇਸ ਪਹੁੰਚੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਤੇ ਆਪਣੀ ਅਮੀਰ ਵਿਭਿੰਨਤਾ ਲਈ ਜਾਣਿਆ ਜਾਂਦਾ ਹੈ। ਇੱਥੇ ਵੱਖ-ਵੱਖ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਹਨ ਤੇ ਇੱਕ-ਦੂਜੇ ਦੇ ਵਿਸ਼ਵਾਸਾਂ ਤੇ ਪਰੰਪਰਾਵਾਂ ਦਾ ਸਤਿਕਾਰ ਕਰਦੇ ਹਨ।

ਬਾਲੀ ਨੇ ਕਿਹਾ ਕਿ ਪੰਜਾਬ ਦਾ ਸੱਭਿਆਚਾਰ ਆਪਸੀ ਭਾਈਚਾਰੇ ਅਤੇ ਧਾਰਮਿਕ ਸਦਭਾਵਨਾ ਵਿੱਚ ਵੱਸਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਰੋੜਾਂ ਲੋਕਾਂ ਦੀ ਆਸਥਾ ਤੇ ਧਾਰਮਿਕ ਭਾਵਨਾਵਾਂ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਦਾ ਹੱਕ ਨਹੀਂ ਹੈ।

LEAVE A REPLY

Please enter your comment!
Please enter your name here