Home Desh Barnala ਅਨਾਜ ਮੰਡੀ ਨੇੜੇ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪਰਿਵਾਰ ਨੇ...

Barnala ਅਨਾਜ ਮੰਡੀ ਨੇੜੇ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਪਰਿਵਾਰ ਨੇ ਦੋਸਤ ‘ਤੇ ਜਤਾਇਆ ਸ਼ੱਕ

4
0

ਬਰਨਾਲਾ ਦੀ ਅਨਾਜ ਮੰਡੀ ਦੇ ਨੇੜਿਓਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ।

ਬਰਨਾਲਾ ਦੀ ਅਨਾਜ ਮੰਡੀ ਦੇ ਨੇੜਿਓਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਬਾਅਦ ਵਿੱਚ ਮ੍ਰਿਤਕ ਦੀ ਪਛਾਣ 22 ਸਾਲਾ ਕ੍ਰਿਸ਼ਨ ਰਾਮ, ਪੁੱਤਰ ਮੁਖਤਿਆਰ ਰਾਮ, ਨਿਵਾਸੀ ਪਿੰਡ ਫਰਵਾਹੀ (ਜ਼ਿਲ੍ਹਾ ਬਰਨਾਲਾ) ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕ੍ਰਿਸ਼ਨ ਰਾਮ ਦੀ ਮੌਤ ਨੂੰ ਲੈ ਕੇ ਉਸ ਦੇ ਨਾਲ ਗਏ ਪਿੰਡ ਦੇ ਹੀ ਇੱਕ ਨੌਜਵਾਨ ‘ਤੇ ਗੰਭੀਰ ਸ਼ੱਕ ਜ਼ਾਹਰ ਕੀਤਾ ਹੈ।
ਪਰਿਵਾਰ ਦਾ ਦੋਸ਼ ਹੈ ਕਿ ਸਹੁਰੇ ਘਰ ਜਾਣ ਲਈ ਨਿਕਲੇ ਕ੍ਰਿਸ਼ਨ ਰਾਮ ਨੂੰ ਪਿੰਡ ਦਾ ਇੱਕ ਨੌਜਵਾਨ ਆਪਣੇ ਨਾਲ ਮੋਟਰਸਾਈਕਲ ‘ਤੇ ਬਰਨਾਲਾ ਦੀ ਅਨਾਜ ਮੰਡੀ ਵਿੱਚ ਲੱਗੇ ਮੇਲੇ ‘ਚ ਲੈ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਸ਼ੱਕੀ ਹਾਲਾਤ ਵਿੱਚ ਲਾਸ਼ ਬਰਾਮਦ ਹੋਈ। ਦੂਜੇ ਪਾਸੇ, ਬਰਨਾਲਾ ਪੁਲਿਸ ਨੇ ਪਰਿਵਾਰ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਅਨੁਸਾਰ, ਮ੍ਰਿਤਕ ਕ੍ਰਿਸ਼ਨ ਰਾਮ ਇੱਕ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਪੇਂਟਰ ਦਾ ਕੰਮ ਕਰਦਾ ਸੀ। ਕਰੀਬ ਢਾਈ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਕ੍ਰਿਸ਼ਨ ਰਾਮ ਦੇ ਪਰਿਵਾਰ ਵਿੱਚ ਤਿੰਨ ਭਰਾ ਹਨ ਅਤੇ ਉਹ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਸਾਲ ਦੇ ਮਾਸੂਮ ਪੁੱਤਰ ਨੂੰ ਛੱਡ ਗਿਆ ਹੈ। ਪਰਿਵਾਰਕ ਮੈਂਬਰਾਂ ਮੁਤਾਬਕ, ਬੀਤੇ ਦਿਨੀਂ ਕ੍ਰਿਸ਼ਨ ਰਾਮ ਮੋਟਰਸਾਈਕਲ ‘ਤੇ ਆਪਣੀ ਪਤਨੀ ਨੂੰ ਲਿਆਉਣ ਲਈ ਸਹੁਰੇ ਘਰ ਜਾਣ ਵਾਸਤੇ ਨਿਕਲਿਆ ਸੀ, ਪਰ ਉਹ ਨਾ ਤਾਂ ਆਪਣੇ ਸਹੁਰੇ ਪਹੁੰਚਿਆ ਅਤੇ ਨਾ ਹੀ ਵਾਪਸ ਪਿੰਡ ਆਇਆ। ਪਰਿਵਾਰ ਨੇ ਜਦੋਂ ਉਸ ਦੀ ਭਾਲ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਕ੍ਰਿਸ਼ਨ ਰਾਮ ਦੀ ਲਾਸ਼ ਬਰਨਾਲਾ ਦੀ ਅਨਾਜ ਮੰਡੀ ਨੇੜਿਓਂ ਮਿਲੀ ਹੈ।

CCTV ਫੁਟੇਜ ਆਈ ਸਾਹਮਣੇ, ਮੋਬਾਈਲ ਤੇ ਨਕਦੀ ਗ਼ਾਇਬ

ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਇਕੱਠੀ ਕੀਤੀ ਤਾਂ ਸਾਹਮਣੇ ਆਇਆ ਕਿ ਪਿੰਡ ਦਾ ਹੀ ਇੱਕ ਯੁਵਕ ਕ੍ਰਿਸ਼ਨ ਰਾਮ ਨੂੰ ਆਪਣੇ ਨਾਲ ਮੋਟਰਸਾਈਕਲ ‘ਤੇ ਬਰਨਾਲਾ ਅਨਾਜ ਮੰਡੀ ਦੇ ਮੇਲੇ ਵਿੱਚ ਲੈ ਗਿਆ ਸੀ। ਪਰਿਵਾਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਕ੍ਰਿਸ਼ਨ ਰਾਮ ਅਤੇ ਉਸ ਦੇ ਨਾਲ ਗਏ ਯੁਵਕ ਦੀ ਪਿੰਡ ਤੋਂ ਬਾਹਰ ਨਿਕਲਦੇ ਸਮੇਂ ਦੀ ਸੀ.ਸੀ.ਟੀ.ਵੀ. (CCTV) ਫੁਟੇਜ ਵੀ ਸਾਹਮਣੇ ਆਈ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ, ਕ੍ਰਿਸ਼ਨ ਰਾਮ ਕੋਲ ਉਸ ਦਾ ਮੋਬਾਈਲ ਫ਼ੋਨ ਅਤੇ 7 ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਵੀ ਸੀ। ਪਰਿਵਾਰ ਨੇ ਲਾਸ਼ ਦੀਆਂ ਹਾਲਤਾਂ ‘ਤੇ ਸ਼ੱਕ ਜ਼ਾਹਰ ਕਰਦਿਆਂ ਨਾਲ ਗਏ ਨੌਜਵਾਨ ‘ਤੇ ਗੰਭੀਰ ਦੋਸ਼ ਲਗਾਏ ਹਨ ਅਤੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਦੋ ਦਿਨਾਂ ਤੋਂ ਪੁਲਿਸ ਥਾਣਿਆਂ ਦੇ ਚੱਕਰ ਕੱਢ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਮੁਲਜ਼ਮ ਪਾਏ ਜਾਣ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪਰਿਵਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਸੜਕ ਜਾਮ ਕਰਕੇ ਧਰਨਾ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ।

ਪੁਲਿਸ ਵੱਲੋਂ ਬਿਆਨ ਦਰਜ, ਜਾਂਚ ਜਾਰੀ

ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਬਸ ਸਟੈਂਡ ਪੁਲਿਸ ਚੌਂਕੀ ਬਰਨਾਲਾ ਦੇ ਇੰਚਾਰਜ ਏ.ਐੱਸ.ਆਈ. (ASI) ਗੁਰਸਿਮਰਨਜੀਤ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਸਵੇਰੇ ਇੱਕ ਅਗਿਆਤ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ। ਲਾਸ਼ ਨੂੰ ਸ਼ਨਾਖ਼ਤ ਲਈ 72 ਘੰਟਿਆਂ ਵਾਸਤੇ ਬਰਨਾਲਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾਇਆ ਗਿਆ ਸੀ।
ਅੱਜ ਮ੍ਰਿਤਕ ਦੀ ਪਛਾਣ ਕ੍ਰਿਸ਼ਨ ਰਾਮ, ਪੁੱਤਰ ਮੁਖਤਿਆਰ ਰਾਮ, ਨਿਵਾਸੀ ਪਿੰਡ ਫਰਵਾਹੀ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਅਨੁਸਾਰ, ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਬਿਆਨਾਂ ਦੇ ਆਧਾਰ ‘ਤੇ ਹੀ ਮਾਮਲੇ ਦੀ ਜਾਂਚ ਕਰਦਿਆਂ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਜਾਂਚ ਤੋਂ ਬਾਅਦ ਹੀ ਕ੍ਰਿਸ਼ਨ ਰਾਮ ਦੀ ਮੌਤ ਦੇ ਅਸਲ ਕਾਰਨਾਂ ਅਤੇ ਪੂਰੇ ਘਟਨਾਕ੍ਰਮ ਦੀ ਸਥਿਤੀ ਸਪੱਸ਼ਟ ਹੋ ਸਕੇਗੀ।

LEAVE A REPLY

Please enter your comment!
Please enter your name here