ਮੁਕਤਸਰ ‘ਚ ਲੱਗੇ ਪੋਸਟਰਾਂ ‘ਚ ਭੂਪੇਸ਼ ਬਘੇਲ ਨੂੰ ਬ੍ਰਿਟਿਸ਼ ਰਾਜ ਦੇ ਅਧਿਕਾਰੀ ਦੀ ਵਰਦੀ ‘ਚ ਦਰਸਾਇਆ ਗਿਆ ਹੈ ਤੇ ਥੱਲੇ ‘Go Back Baghel’ ਲਿਖਿਆ ਗਿਆ ਹੈ।
ਪੰਜਾਬ ਕਾਂਗਰਸ ਅੰਦਰ ਚੱਲ ਰਹੀ ਧੜੇਬੰਦੀ ਹੁਣ ਸੜਕਾਂ ਤੱਕ ਪਹੁੰਚ ਗਈ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਦੇ ਮੁਕਤਸਰ ਤੇ ਬਠਿੰਡਾ ਦੌਰੇ ਤੋਂ ਪਹਿਲਾਂ ਉਨ੍ਹਾਂ ਦੇ ਵਿਰੋਧ ‘ਚ ਸ਼ਹਿਰ ਦੀਆਂ ਸੜਕਾਂ ‘ਤੇ ਪੋਸਟਰ ਤੇ ਵੱਡੇ ਫਲੈਕਸ ਲੱਗੇ ਨਜ਼ਰ ਆਏ। ਕਾਂਗਰਸ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ‘ਚ ਰੱਖਦੇ ਹੋਏ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਚਲਾ ਰਹੀ ਹੈ। ਇਸ ਦੌਰਾਨ ਮੀਟਿੰਗਾਂ ‘ਚ ਭੂਪੇਸ਼ ਬਘੇਲ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਵਿਰੋਧ ਹੁੰਦਾ ਦਿਖਾਈ ਦੇ ਰਿਹਾ ਹੈ।
‘Go Back Baghel’ ਦੇ ਪੋਸਟਰ
ਮੁਕਤਸਰ ‘ਚ ਲੱਗੇ ਪੋਸਟਰਾਂ ‘ਚ ਭੂਪੇਸ਼ ਬਘੇਲ ਨੂੰ ਬ੍ਰਿਟਿਸ਼ ਰਾਜ ਦੇ ਅਧਿਕਾਰੀ ਦੀ ਵਰਦੀ ‘ਚ ਦਰਸਾਇਆ ਗਿਆ ਹੈ ਤੇ ਥੱਲੇ ‘Go Back Baghel’ ਲਿਖਿਆ ਗਿਆ ਹੈ। ਇਹ ਪੋਸਟਰ ਆਜ਼ਾਦੀ ਤੋਂ ਪਹਿਲਾਂ ‘Simon Go Back’ ਅੰਦੋਲਨ ਦੀ ਤਰਜ਼ ‘ਤੇ ਤਿਆਰ ਕੀਤੇ ਗਏ ਹਨ।
ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਦੇ ਮੌਜੂਦਾ ਸਾਂਸਦ ਚਰਨਜੀਤ ਸਿੰਘ ਚੰਨੀ ਦੇ ਸਮਰਥਨ ‘ਚ ਵੀ ਕਈ ਪੋਸਟਰ ਲਗਾਏ ਗਏ ਹਨ। ਇੱਕ ਪੋਸਟਰ ‘ਤੇ ‘ਰਾਜਾ-ਬਘੇਲ ਹਟਾਓ, ਕਾਂਗਰਸ ਬਚਾਓ’ ਦਾ ਨਾਰਾ ਲਿਖਿਆ ਗਿਆ ਹੈ, ਜਦਕਿ ਦੂਜੇ ਪੋਸਟਰ ‘ਚ ‘ਰਾਹੁਲ ਗਾਂਧੀ ਜੀ ਸੁਣੋ ਪੰਜਾਬੀਆਂ ਦੀ ਪੁਕਾਰ, ਲਿਆਓ ਚੰਨੀ ਬਣਾਈਏ ਕਾਂਗਰਸ ਦੀ ਸਰਕਾਰ’ ਲਿਖਿਆ ਹੋਇਆ ਹੈ।
‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਦੌਰਾਨ ਹੋ ਰਿਹਾ ਵਿਰੋਧ
ਭੂਪੇਸ਼ ਬਘੇਲ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਪਾਰਟੀ ਵੱਲੋਂ ਸੂਬੇ ਭਰ ‘ਚ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਤਹਿਤ ਅੱਜ ਬਠਿੰਡਾ ਤੇ ਮੁਕਤਸਰ ‘ਚ ਕਾਂਗਰਸੀ ਵਰਕਰਾਂ ਨਾਲ ਮੀਟਿੰਗਾਂ ਦਾ ਪ੍ਰੋਗਰਾਮ ਹੈ, ਪਰ ਇਸ ਦੌਰੇ ਤੋਂ ਪਹਿਲਾਂ ਲੱਗੇ ਇਹ ਪੋਸਟਰ ਪਾਰਟੀ ਅੰਦਰ ਚੱਲ ਰਹੇ ਅੰਦਰੂਨੀ ਟਕਰਾਅ ਨੂੰ ਹੋਰ ਉਜਾਗਰ ਕਰ ਰਹੇ ਹਨ।
ਪਹਿਲਾਂ ਵੀ ਸਾਹਮਣੇ ਆ ਚੁੱਕੀ ਧੜੇਬੰਦੀ
ਇਸ ਤੋਂ ਪਹਿਲਾਂ ਬੀਤੇ ਦਿਨ ਬਰਨਾਲਾ ‘ਚ ਹੋਈ ‘ਹਰ ਬੂਥ, ਕਾਂਗਰਸ ਮਜ਼ਬੂਤ’ ਮੁਹਿੰਮ ਦੀ ਮੀਟਿੰਗ ਦੌਰਾਨ ਵੀ ਕਾਂਗਰਸ ਦੀ ਧੜੇਬੰਦੀ ਖੁੱਲ੍ਹ ਕੇ ਸਾਹਮਣੇ ਆਈ ਸੀ। ਮੀਟਿੰਗ ਦੀ ਸ਼ੁਰੂਆਤ ਹੁੰਦੇ ਹੀ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੇ ‘ਚੰਨੀ ਜ਼ਿੰਦਾਬਾਦ’ ਤੇ ‘ਚੰਨੀ ਲਿਆਓ, ਕਾਂਗਰਸ ਬਚਾਓ’ ਦੇ ਨਾਅਰੇ ਲਗਾਏ ਸਨ, ਜਿਸ ਨਾਲ ਕੁਝ ਸਮੇਂ ਲਈ ਮਾਹੌਲ ਤਣਾਅਪੂਰਨ ਬਣ ਗਿਆ ਸੀ।
ਸੰਗਰੂਰ ਤੇ ਪਟਿਆਲਾ ‘ਚ ਵੀ ਹੋ ਚੁੱਕਾ ਹੈ ਵਿਰੋਧ
ਇਸ ਤੋਂ ਪਹਿਲਾਂ ਸੰਗਰੂਰ ਤੇ ਪਟਿਆਲਾ ‘ਚ ਹੋਏ ਕਾਂਗਰਸੀ ਪ੍ਰੋਗਰਾਮਾਂ ਦੌਰਾਨ ਵੀ ਚੰਨੀ ਤੇ ਰਾਜਾ ਵੜਿੰਗ ਸਮਰਥਕ ਆਹਮੋ-ਸਾਹਮਣੇ ਆ ਗਏ ਸਨ। ਪਟਿਆਲਾ ‘ਚ ਚੰਨੀ ਸਮਰਥਕਾਂ ਨੇ ਰਾਜਾ ਵੜਿੰਗ ਦੇ ਵਿਰੋਧ ‘ਚ ਨਾਅਰੇਬਾਜ਼ੀ ਕੀਤੀ ਸੀ, ਜਦਕਿ ਸੰਗਰੂਰ ‘ਚ ਕਾਂਗਰਸੀ ਵਰਕਰਾਂ ਵਿਚਕਾਰ ਝੜਪ ਦੀਆਂ ਵੀ ਖ਼ਬਰਾਂ ਸਾਹਮਣੇ ਆਈਆਂ ਸਨ।