ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਹੁਣ ਕੁੱਝ ਹੀ ਮਹੀਨਿਆਂ ਦਾ ਸਮਾਂ ਬਾਕੀ ਹੈ।
ਪਰ ਕਈ ਯਤਨਾਂ ਦੇ ਬਾਵਜੂਦ ਕਾਂਗਰਸ ਦਾ ਅੰਦਰੂਨੀ ਮਤਭੇਦ ਅਣ-ਸੁਲਝਿਆ ਹੀ ਨਜ਼ਰ ਆ ਰਿਹਾ ਹੈ। ਹਾਈਕਮਾਂਡ ਦੀਆਂ ਲਗਾਤਾਰ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਮੀਟਿੰਗਾਂ ਦਾ ਕੋਈ ਸਿੱਟਾ ਆਉਣ ਤੋਂ ਪਹਿਲਾਂ, ਕਾਂਗਰਸ ‘ਚ ਬਗਾਵਤ ਦੇ ਡਰਾਵੇ ਸਾਹਮਣੇ ਆ ਰਹੇ ਹਨ। ਦਰਅਸਲ, ਪਟਿਆਲਾ ਤੋਂ ਲੋਕ ਸਭਾ ਸਾਂਸਦ ਧਰਮਵੀਰ ਗਾਂਧੀ ਦੀ ਇੱਕ ਪੋਸਟ ਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ, ਧਰਮਵੀਰ ਗਾਂਧੀ ਨੇ ਇੱਕ ਪੋਸਟ ਕੀਤੀ, ਜਿਸ ‘ਚ ਉਨ੍ਹਾਂ ਨੇ ਸੰਕੇਤ ਦਿੱਤਾ ਕਿ ਕਿਸੇ ਵੱਡੇ ਆਗੂ ਵੱਲੋਂ ਪਾਰਟੀ ‘ਚ ਵੱਡੇ ਬਦਲਾਅ ਜਾਂ ਪਾਰਟੀ ਦੇ ਪੁਨਰ ਸੁਰਜੀਤ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਬਗਾਵਤ ਦੀ ਧਮਕੀ ਦਿੱਤੀ ਜਾ ਰਹੀ ਹੈ। ਹਾਲਾਂਕਿ, ਬਾਅਦ ‘ਚ ਧਰਮਵੀਰ ਗਾਂਧੀ ਨੇ ਇਸ ਪੋਸਟ ਨੂੰ ਡਿਲੀਟ ਕਰ ਦਿੱਤਾ।
ਪੋਸਟ ‘ਚ ਕੀ ਲਿਖਿਆ?
ਧਰਮਵੀਰ ਗਾਂਧੀ ਨੇ ਪੋਸਟ ‘ਚ ਲਿਖਿਆ, “ਕਿਸੇ ‘ਵੱਡੇ’ ਵੱਲੋਂ, ਕਾਂਗਰਸ ਪਾਰਟੀ ਅੰਦਰ ਕਿਸੇ ਵੀ ਰੱਦੋ ਬਦਲ ਹੋਣ ਤੇ, ਪਾਰਟੀ ਅੰਦਰ ਬਗਾਵਤ ਦਾ ਡਰਾਵਾ ਦੇ ਕੇ, ਸੰਗਠਨ ਦੀ ਪੁਨਰ ਸੁਰਜੀਤੀ ਨੂੰ, ਫਿਰ ਟਾਲਣ ਦੀ ਕੀਤੀ ਜਾ ਰਹੀ ਕੋਸ਼ਿਸ਼, ਪਾਰਟੀ ਵਿਰੋਧੀ ਕਾਰਵਾਈ।”
ਕਾਂਗਰਸ ‘ਚ ਵੱਡੇ ਬਦਲਾਅ ਹੋਣ ਦੀ ਉਮੀਦ
ਦੱਸ ਦੇਈਏ ਕਿ ਬੀਤੇ ਦਿਨਾਂ ਤੋਂ ਕਿਆਸਅਰਾਈਆਂ ਚੱਲ ਰਹੀਆਂ ਹਨ ਕਿ ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ 2027 ਤੋਂ ਪਹਿਲਾਂ ਨਵੀਂ ਰਣਨੀਤੀ ਤੇ ਨਵੇਂ ਚਿਹਰਿਆਂ ਨਾਲ ਉੱਤਰ ਸਕਦੀ ਹੈ। ਪੰਜਾਬ ਕਾਂਗਰਸ ‘ਚ ਵੱਡੇ ਬਦਲਾਵਾਂ ਦੀ ਗੱਲ ਕਹੀ ਜਾ ਰਹੀ ਹੈ। ਇਸ ਕਰਕੇ ਬੈਠਕਾਂ ਲਈ ਆਗੂਆਂ ਦੇ ਦਿੱਲੀ ਤੋਂ ਪੰਜਾਬ ਤੇ ਪੰਜਾਬ ਤੋਂ ਦਿੱਲੀ ਦੇ ਗੇੜੇ ਵਧ ਗਏ।
ਪੰਜਾਬ ਕਾਂਗਰਸ ਦੀ ਸਥਿਤੀ ਤੇ ਫੀਡਬੈਕ ਦੇਣ ਲਈ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ, ਵਿਧਾਇਕ, ਸਾਬਕਾ ਵਿਧਾਇਕ, ਸਾਂਸਦ ਤੇ ਸਾਬਕਾ ਸਾਂਸਦਾਂ ਸਮੇਤ ਹੋਰ ਕਾਂਗਰਸ ਨਾਲ ਜੁੜੀਆਂ ਪੰਜਾਬ ਦੀਆਂ ਹਸਤੀਆਂ ਦਿੱਲੀ ਪਹੁੰਚੀਆਂ। ਪੰਜਾਬ ਕਾਂਗਰਸ ਦੇ 5 ਵੱਡੇ ਆਗੂਆਂ ਨਾਲ ਰਾਹੁਲ ਗਾਂਧੀ ਨੇ ਵੀ ਇਕੱਲੇ ‘ਚ ਮੁਲਾਕਾਤ ਕੀਤੀ। ਬੀਤੇ ਕਈ ਦਿਨਾਂ ਤੋਂ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਕਾਂਗਰਸ ਹਾਈ ਕਮਾਂਡ ਸੂਬਾ ਪ੍ਰਧਾਨ ਸਮੇਤ ਕਈ ਵੱਡੇ ਬਦਲਾਅ ਕਰ ਸਕਦੀ ਹੈ ਤੇ ਇਹ ਐਲਾਨ ਕਿਸੇ ਵੀ ਵਕਤ ਹੋ ਸਕਦਾ ਹੈ। ਪਰ, ਇਸ ਵਿਚਕਾਰ ਧਰਮਵੀਰ ਗਾਂਧੀ ਦੀ ਇਸ ਪੋਸਟ ਨਾਲ ਕਾਂਗਰਸ ਦਾ ਅੰਦਰੂਨੀ ਕਲੇਸ਼ ਅਜੇ ਵੀ ਖ਼ਤਮ ਹੋਇਆ ਨਹੀਂ ਦਿਖਾਈ ਦਿੰਦਾ।