ਆਪ੍ਰੇਸ਼ਨ ਸਿੰਦੂਰ ਦੌਰਾਨ ਸ਼ਰਵਣ ਸਿੰਘ ਨੂੰ ਉਸ ਦੀ ਅਸਾਧਾਰਨ ਹਿੰਮਤਤੇ ਨਿਰਸਵਾਰਥ ਸੇਵਾ ਲਈ ਪਹਿਚਾਣਿਆ ਗਿਆ।
ਆਪ੍ਰੇਸ਼ਨ ਸਿੰਦੂਰ ਦੇ ‘ਛੋਟੇ ਸਿਪਾਹੀ‘ ਸ਼ਰਵਣ ਸਿੰਘ ਨੂੰ ਅੱਜ, 26 ਦਸੰਬਰ ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ। ਸ਼ਰਵਣ ਨੂੰ ਆਪ੍ਰੇਸ਼ਨ ਸਿੰਦੂਰ ਦੌਰਾਨ ਭਾਰਤੀ ਸੈਨਿਕਾਂ ਦੀ ਵਿਸ਼ੇਸ਼ ਮਦਦ ਲਈ ਇਹ ਸਨਮਾਨ ਦਿੱਤਾ ਗਿਆ ਹੈ। ਪਾਕਿਸਤਾਨ ਵੱਲੋਂ ਲਗਾਤਾਰ ਗੋਲੀਬਾਰੀ ਤੇ ਡਰੋਨ ਹਮਲਿਆਂ ਦੀ ਪਰਵਾਹ ਨਾ ਕਰਦੇ ਹੋਏ ਸ਼ਰਵਣ ਪਾਣੀ, ਦੁੱਧ, ਲੱਸੀ ਤੇ ਬਰਫ਼ ਵਰਗੀਆਂ ਹੋਰ ਚੀਜ਼ਾਂ ਲੈ ਕੇ ਜਾਂਦਾ ਸੀ।
ਆਪ੍ਰੇਸ਼ਨ ਸਿੰਦੂਰ ਦੌਰਾਨ ਸ਼ਰਵਣ ਸਿੰਘ ਨੂੰ ਉਸ ਦੀ ਅਸਾਧਾਰਨ ਹਿੰਮਤਤੇ ਨਿਰਸਵਾਰਥ ਸੇਵਾ ਲਈ ਪਹਿਚਾਣਿਆ ਗਿਆ। ਭਾਰਤ-ਪਾਕਿਸਤਾਨ ਸਰਹੱਦ ‘ਤੇ ਬਹੁਤ ਤਣਾਅਪੂਰਨ ਹਾਲਾਤਾਂ ਦੇ ਵਿਚਕਾਰ, ਸ਼ਰਵਣ ਸਿੰਘ ਨੇ ਤਾਇਨਾਤ ਫੌਜਾਂ ਨੂੰ ਮਹੱਤਵਪੂਰਨ ਸਹਾਇਤਾ ਪ੍ਰਦਾਨ ਕੀਤੀ।
ਦੁਸ਼ਮਣ ਦੇ ਡਰੋਨਾਂ ਦੁਆਰਾ ਲਗਾਤਾਰ ਘੁਸਪੈਠ ਤੇ ਤੀਬਰ ਤਣਾਅ ਦੇ ਮਾਹੌਲ ‘ਚ ਦੇਸ਼ ਭਗਤੀ ਦੇ ਜੋਸ਼ ਨਾਲ ਭਰੇ ਹੋਏ, ਸ਼ਰਵਣ ਰੋਜ਼ਾਨਾ ਬਾਰਡਰ ਦੀਆਂ ਅਗਲੀਆਂ ਚੌਕੀਆਂ ਤੱਕ ਦਾ ਸਫ਼ਰ ਕਰਦਾ ਸੀ। ਫੌਜਾਂ ਨੂੰ ਪਾਣੀ, ਦੁੱਧ, ਲੱਸੀ, ਚਾਹ ਤੇ ਬਰਫ਼ ਵਰਗੀਆਂ ਚੀਜ਼ਾਂ ਦੀ ਜ਼ਰੂਰੀ ਸਪਲਾਈ ਪਹੁੰਚਾਉਂਦਾ ਸੀ। ਦੁਸ਼ਮਣ ਦੀ ਸਿੱਧੀ ਨਿਗਰਾਨੀ ਤੇ ਹਮਲੇ ਦੇ ਲਗਾਤਾਰ ਖ਼ਤਰੇ ਦੇ ਬਾਵਜੂਦ, ਸ਼ਰਵਣ ਦੇ ਅਡੋਲ ਇਰਾਦੇ ਨੇ ਇੱਕ ਮਹੱਤਵਪੂਰਨ ਜੀਵਨ ਰੇਖਾ ਵਜੋਂ ਕੰਮ ਕੀਤਾ, ਪਾਣੀ ਦੀ ਸਪਲਾਈ ਪ੍ਰਦਾਨ ਕੀਤੀ ਤੇ ਲੰਬੇ ਸਮੇਂ ਤੋਂ ਤਾਇਨਾਤ ਸੈਨਿਕਾਂ ਲਈ ਮਨੋਬਲ ਵਧਾਇਆ।
ਫੌਜ ਵੀ ਕਰ ਚੁੱਕੀ ਸਨਮਾਨਿਤ
ਸ਼ਰਵਣ ਸਿੰਘ ਫਿਰੋਜ਼ਪੁਰ ਦੇ ਤਾਰਾ ਵਾਲੀ ਪਿੰਡ ਦਾ ਰਹਿਣ ਵਾਲਾ ਹੈ। ਉਸ ਦੀ ਹਿੰਮਤ ਤੇ ਉਤਸ਼ਾਹ ਨੂੰ ਵੇਖਦਿਆਂ, ਭਾਰਤੀ ਫੌਜ ਦੇ ਗੋਲਡਨ ਐਰੋ ਡਿਵੀਜ਼ਨ ਨੇ ਸ਼ਰਵਣ ਦੀ ਸਿੱਖਿਆ ਨੂੰ ਪੂਰੀ ਤਰ੍ਹਾਂ ਸਪਾਂਸਰ ਕੀਤਾ। ਫਿਰੋਜ਼ਪੁਰ ਛਾਉਣੀ ਵਿਖੇ ਆਯੋਜਿਤ ਇੱਕ ਸਮਾਰੋਹ ਦੌਰਾਨ, ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼, ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਵੀ ਛੋਟੇ ਸਿਪਾਹੀ ਸ਼ਰਵਣ ਸਿੰਘ ਨੂੰ ਸਨਮਾਨਿਤ ਕੀਤਾ ਸੀ। ਫੌਜ ਨੇ ਕਿਹਾ ਕਿ ਸ਼ਰਵਣ ਦੀ ਕਹਾਣੀ ਦੇਸ਼ ਭਰ ਦੇ ਉਨ੍ਹਾਂ ਚੁੱਪ ਨਾਇਕਾਂ ਦੀ ਯਾਦ ਦਿਵਾਉਂਦੀ ਹੈ ਜੋ ਮਾਨਤਾ ਤੇ ਸਮਰਥਨ ਦੇ ਹੱਕਦਾਰ ਹਨ।